ਹੈ ਜ਼ਿੰਦਗੀ ’ਚ ਆਇਆ ਕੋਈ ਬਹਾਰ ਵਰਗਾ
ਖਿੜਿਆ ਗ਼ੁਲਾਬ ਲੱਗੇ ਉਹ ਮੇਰੇ ਯਾਰ ਵਰਗਾ।
ਹੋਇਆ ਚਮਨ ਹੈ ਸਬਜ਼ਾ ਹਰ ਸ਼ਾਖ ਮੁਸਕਰਾਏ
ਲਗਦਾ ਹੈ ਆਇਆ ਕੋਈ ਮੇਰੇ ਹੀ ਪਿਆਰ ਵਰਗਾ।
ਭੌਰਾ ਹੈ ਹਰ ਕਲੀ ਤੇ ਸਰਸ਼ਾਰ ਗੁਲਸਿਤਾਂ ਹੈ
ਮੁਰਲੀ ਵਜਾਵੇ ਕੋਈ ਸੰਗੀਤਕਾਰ ਵਰਗਾ।
ਸਜਰੀ ਸਵੇਰ ਵਰਗਾ ਫੱਗਣ ਦਾ ਹੈ ਮਹੀਨਾ
ਉਜਲਾ ਜਿਹਾ ਉਹ ਰੌਸ਼ਨ ਦਿਨ ਐਤਵਾਰ ਵਰਗਾ।
ਸੁਰਖ਼ਾਬ ਪੰਛੀ ਜਦ ਤੋਂ ਬਾਗਾਂ ਨੂੰ ਛਡ ਗਿਆ ਹੈ
ਗੁੰਚਾ ਹਰੇਕ ਲੱਗੇ ਤਿੱਖੀ ਕਟਾਰ ਵਰਗਾ।
ਕੋਈ ਹਵਾ ਦਾ ਬੁੱਲ੍ਹਾ ਜਾਂ ਤੈਨੂੰ ਛੂਹ ਕੇ ਆਵੇ
ਜਾਪੇ ਕਿ ਆ ਗਿਆ ਹੈ ਮੌਸਮ ਖ਼ੁਮਾਰ ਵਰਗਾ।
ਬਾਗਾਂ ’ਚ ਪਤਝੜੀ ਹੈ ਤੇਰੇ ਬਗ਼ੈਰ ਯਾਰਾ
ਆ ਜਾ ਕਿ ਫਿਰ ਤੋਂ ਆਏ ਮੌਸਮ ਬਹਾਰ ਵਰਗਾ।
ਸਮਿਆਂ ਦਾ ਉਹ ਸੀ ਹਾਣੀ ਬੋਹੜ ਜਿਹਾ ਸੀ ਬਾਬਾ
‘ਉੱਪਲ’, ਹੈ ਸੁੱਕਿਆ ਕਿਉਂ, ਬੂਟਾ ਚਨਾਰ ਵਰਗਾ!