ਹੈ ਰਾਤ ਕਿੰਨੀ ਕੁ

ਮੁੰਡੇਰ ਦਿਲ ਦੀ ਤੇ ਨਾਂ ਤੇਰੇ ਦੇ,

ਮੈਂ ਰੱਤ ਚੋ ਚੋ ਨੇ ਦੀਪ ਬਾਲੇ

ਮੈਂ ਡਰ ਰਹੀ ਹਾਂ ਕਿ ਤੇਜ਼ ਬੁੱਲਾ,

ਕੋਈ ਜ਼ਿੰਦਗੀ ਦਾ ਨਾ ਹਿਸਾਲੇ

ਜਾਂ ਪੌ-ਫੁਟਾਲਾ ਮਨੁੱਖਤਾ ਦਾ,

ਨਾ ਹੋਣ ਤੀਕਰ ਲੋਅ ਸਾਥ ਪਾਲੇ

ਜਾਂ ਨੀਲ ਰਲੇ ਦੋ ਨੈਣ ਸਿੱਲ੍ਹੇ,

ਵੇ ਜਾਣ ਕਿਧਰੇ ਸੂ ਨਾ ਜੰਗਾਲੇ

ਵੇ ਦੂਰ ਦਿਸਦੀ ਹੈ ਭੋਰ ਹਾਲੇ

ਵੇ ਦੂਰ ਦਿਸਦੀ ਹੈ ਭੋਰ ਹਾਲੇ

ਸਮੇਂ ਦੇ ਥੇਹ 'ਤੇ ਵੇਖ ਅੜਿਆ,

ਕੋਈ ਬਿੱਲ-ਬਤੌਰੀ ਪਈ ਬੋਲਦੀ ਹੈ

ਵੇ ਅਮਰ ਜੁਗਨੂੰ ਕੋਈ ਆਤਮਾ ਦਾ,

ਚਿਰਾਂ ਤੋਂ ਦੁਨੀਆਂ ਪਈ ਟੋਲਦੀ ਹੈ

ਬੇਤਾਲ ਸ਼ੂਕਰ ਵੇ ਰਾਕਟਾਂ ਦੀ,

ਸੁਣ ਸੁਣ ਕੇ ਧਰਤੀ ਪਈ ਝੋਲਦੀ ਹੈ

ਵੇ ਆਖ ਅੱਲੜ੍ਹ ਮਨੁੱਖ ਹਾਲੇ ਵੀ,

ਘੁੱਗੀਆਂ ਦੀ ਥਾਂ ਬਾਜ਼ ਪਾਲੇ

ਵੇ ਘੋਰ ਕਾਲੀ ਹੈ ਰਾਤ ਹਾਲੇ

ਵੇ ਘੋਰ ਕਾਲੀ ਹੈ ਰਾਤ ਹਾਲੇ

ਵੇ ਬਾਝ ਤੇਰੇ ਨੇ ਫੋਗ ਸਹਿਰਾ,

ਵੇ ਬਿਨ ਸਕੂੰ ਦੇ ਹੈ ਫੋਗ ਮਸਤੀ

ਵੇ ਦਿਲ ਮੁਸੱਵਰ ਦੇ ਬਿਨ ਅਜੰਤਾ,

ਹੈ ਪੱਬਾਂ ਦੀ ਬੇ-ਹਿੱਸ ਬਸਤੀ

ਵੇ ਚਾਤ੍ਰਿਕ ਲਈ ਤਾਂ ਪਾਕ ਗੰਗਾ,

ਵੇ ਪਾਣੀਆਂ ਦੀ ਹੈ ਖ਼ਾਕ ਹਸਤੀ

ਵੇ ਚੰਨ ਦੀ ਥਾਂ ਚਕੋਰੀਆਂ ਤੋਂ,

ਹਾਏ ਜਾਣ ਸਾਗਰ ਕਿਵੇਂ ਹੰਗਾਲੇ

ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ

ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ

ਵੇ ਹੋ ਵੀ ਸਕਦੈ ਕਿ ਪੌਣ ਮਿੱਠੀ,

ਜੋ ਵਗ ਰਹੀ ਹੈ ਤੂਫ਼ਾਨ ਹੋਵੇ

ਜਾਂ ਹੋ ਵੀ ਸਕਦੈ ਕਿ ਮੇਰੇ ਘਰ

ਕੱਲ੍ਹ ਢੁਕਣੀ ਮੇਰੀ ਮਕਾਣ ਹੋਵੇ

ਜਾਂ ਹੋ ਵੀ ਸਕਦੈ ਕਿ ਕੱਲ੍ਹ ਤੀਕਣ,

ਨਾ ਹੋਣ ਡਲਾਂ ਨਾ ਡਾਣ ਹੋਵੇ

ਜਾਂ ਗੋਰ ਅੰਦਰ ਹੋਣ ਕਿਧਰੇ

ਨਾ ਮੁਰਦਿਆਂ ਲਈ ਵੇ ਸਾਹ ਸੰਭਾਲੇ

ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ

ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ

ਮੈਂ ਸੋਚਦੀ ਹਾਂ ਕਿ ਵਿੱਸ ਕਾਲੀ,

ਹਨੇਰਿਆਂ ਦੀ ਨੂੰ ਕੌਣ ਪੀਵੇ

ਵੇ ਨੰਗ-ਮੁਨੰਗੀ ਜਿਹੀ ਧਰਤ ਭੁੱਖੀ,

ਵੇ ਹੋਰ ਕਿੰਨੀ ਕੁ ਦੇਰ ਜੀਵੇ

ਯੁੱਗ ਵਿਹਾਏ ਨੇ ਬਾਲਦੀ ਨੂੰ

ਹਾਏ ਰੱਤ ਚੋ ਚੋ ਕੇ ਰੋਜ਼ ਦੀਵੇ

ਪਰ ਨਾ ਹੀ ਬੀਤੀ ਇਹ ਰਾਤ ਕਾਲੀ

ਹੈ ਨਾ ਹੀ ਬਹੁੜੀ ਉਸ਼ੇਰ ਹਾਲੇ

ਹੈ ਰਾਤ ਕਿੰਨੀ ਕੁ ਦੇਰ ਹਾਲੇ

ਹੈ ਰਾਤ ਕਿੰਨੀ ਕੁ ਦੇਰ ਹਾਲੇ

📝 ਸੋਧ ਲਈ ਭੇਜੋ