ਹਾਕਮ ਦੀ ਮੁਹੱਬਤ

ਜਦੋਂ ਤੁਸੀ ਸੁੱਤੇ ਹੁੰਦੇ ਹੋ

ਤਾਂ ਹਾਕਮ ਤੁਹਾਡੇ ਸੁੱਤੇ ਪਿਆਂ ਦਾ

ਮੱਥਾ ਚੁੰਮਦਾ ਹੈ,

ਪਿੱਠ ਪਲੋਸਦਾ ਹੈ

ਤੇ ਤੁਹਾਡੇ ਸੁਪਨਿਆਂ ਦੇ ਹਾਣ ਦੀਆਂ

ਲੋਰੀਆਂ ਸੁਣਾਉਂਦਾ ਹੈ

ਜਦੋਂ ਤੁਸੀਂ ਸੁੱਤੇ ਹੁੰਦੇ ਹੋ

ਤਾਂ ਹਾਕਮ ਨੂੰ ਸਭ ਤੋਂ ਵੱਧ ਪਿਆਰੇ ਲਗਦੇ ਹੋ

ਜਦੋਂ ਤੁਸੀ ਸੁੱਤੇ ਹੁੰਦੇ ਹੋ

ਤੁਸੀ ਉਸਦੇ ਮਨ ਦੇ ਐਨ ਨਜ਼ਦੀਕ ਹੁੰਦੇ ਹੋ

ਜਦੋਂ ਤਸੀ ਸੁੱਤੇ ਹੁੰਦੇ ਹੋ

ਤਾਂ ਹਾਕਮ ਮੁਹੱਬਤ ਦੇ ਰੰਗ ’ਚ ਰੰਗਿਆ ਹੁੰਦਾ ਹੈ

ਜਦੋਂ ਤੁਸੀਂ ਸੁੱਤੇ ਹੁੰਦੇ ਹੋ

ਤਾਂ ਰਾਤਾਂ ਨੂੰ ਜਾਗਦੇ

ਨਿੱਕੇ- ਨਿੱਕੇ ਕੌਡੀ ਕਟਹਿਣੇ

ਤੁਹਾਨੂੰ ਲਾਹਨਤਾਂ ਪਾਉਂਦੇ ਨੇ

ਤਾਰੇ ਬੱਦਲਾਂ ਦੀ ਓਟ ਭਾਲਣ ਲਗਦੇ ਨੇ

ਤੁਸੀਂ ਰੌਸ਼ਨ ਚਿਰਾਗਾਂ ਦੀਆਂ ਅੱਖਾਂ ’ਚ

ਮਿਰਚਾਂ ਵਾਂਗ ਚੁਭਣ ਲਗਦੇ ਹੋ

ਜਦੋਂ ਤੁਸੀਂ ਸੁੱਤੇ ਹੁੰਦੇ ਹੋ

ਜਦੋਂ ਤੁਸੀਂ ਅੰਗੜਾਈ ਭਰਦੇ ਹੋ

ਤਾਂ ਹਾਕਮ ਤੁਹਾਡੇ ਸਿਰ ਵੱਢ ਦਿੰਦਾ ਹੈ

ਅੱਖਾਂ ਕੱਢ ਦਿੰਦਾ ਹੈ

ਪੈਰਾਂ ਦੀਆਂ ਖੁਰੀਆਂ ’ਚ

ਮੇਖਾਂ ਗੱਡ ਦਿੰਦਾ ਹੈ

ਤੇ ਤੁਹਾਡੀ ਚੇਤਨਾ ਦੀ ਧੂਣੀ

ਬਾਲ ਕੇ ਸੇਕਣ ਲੱਗਦਾ ਹੈ

ਜਦੋਂ ਤੁਸੀਂ ਅੰਗੜਾਈ ਭਰਦੇ ਹੋ

ਤਾਂ ਹਾਕਮ ਦੀ ਸਾਰੀ ਮੁਹੱਬਤ

ਮੁਸ਼ਕ ਕਾਫ਼ੂਰ ਵਾਂਗ ਉੱਡ ਜਾਂਦੀ ਹੈ

ਹਾਕਮ

ਨਾ ਤੀਰ ...ਨਾ ਤਲਵਾਰ

ਨਾ ਬੰਬ ...ਨਾ ਬੰਦੂਕ ਤੋਂ ਡਰਦਾ ਹੈ

ਹਾਕਮ ਤੁਹਾਡੇ ਜਾਗਣ ਤੋਂ ਡਰਦਾ ਹੈ

ਜਦੋਂ ਤੁਸੀਂ ਜਾਗਦੇ ਹੁੰਦੇ ਹੋ

ਤਾਂ ਹਾਕਮ ਲਈ,

ਤੁਸੀਂ ਪ੍ਰੇਮੀ ਨਹੀਂ ਹੁੰਦੇ

ਨਾ ਹੁੰਦੇ ਹੋ

ਦੇਸ਼ਭਗਤ.... ਸ਼ਾਂਤੀ ਪਸੰਦ...

ਰਾਸ਼ਟਰਵਾਦੀ.

ਤੁਸੀਂ ਹੁੰਦੇ ਹੋ-

ਦੇਸ਼-ਧ੍ਰੋਹੀ...ਫ਼ਸਾਦੀ ... ਦਗ਼ੇਬਾਜ਼

ਜਦੋਂ ਤੁਸੀਂ ਜਾਗਦੇ ਹੁੰਦੇ ਹੋ

ਤਾਂ ਤੁਸੀਂ ਹੁੰਦੇ ਹੋ

ਹਾਕਮ ਦੀ ਹਿੱਕ ’ਤੇ ਗੱਡਿਆ

ਸੇਹ ਦਾ ਤੱਕਲਾ

📝 ਸੋਧ ਲਈ ਭੇਜੋ