ਹਕੀਕਤ ਇਸ ਤਰ੍ਹਾਂ ਝਪਟੀ ਹੈ ਸਾਡੇ ਸੁਪਨਿਆਂ ਉੱਪਰ
ਪੁਰਾਣੀ ਛੱਤ ਜੀਕਣ ਆਣ ਡਿੱਗੇ ਸ਼ਮਲਿਆਂ ਉੱਪਰ
ਤੁਸੀਂ ਬੈਠਕ ਚ ਬਹਿ ਕੇ ਜ਼ਿਕਰ ਜਦ ਕੀਤਾ ਸਮੁੰਦਰ ਦਾ
ਸੀ ਹਉਕਾ ਤੈਰਿਆ ਨੁੱਕਰ ਚ ਰੱਖੇ ਘੋਗਿਆਂ ਉੱਪਰ
ਖ਼ੁਦਾ ਦਾ ਕਹਿਰ ਟੁੱਟੇਗਾ, ਸੜੇਂਗਾ ਨਰਕ ਦੀ ਅੱਗ ਵਿਚ
ਨਾ ਹੱਸੀਂ ਭੁੱਲ ਕੇ ਵੀ ਮਰ ਗਿਆਂ ਤੇ ਆਸ਼ਿਕਾਂ ਉੱਪਰ
ਮੈਂ ਚਾਹੁੰਦਾ ਹਾਂ ਇਨ੍ਹਾਂ ਦੀ ਟਾਪ ਦਾ ਸੰਗੀਤ ਬਣ ਜਾਵਾਂ
ਤੁਸੀਂ ਚਾਹੁੰਦੇ ਹੋ ਕਾਠੀ ਪਾ ਕੇ ਬਹਿਣਾ ਘੋੜਿਆਂ ਉੱਪਰ
ਹੈ ਨਕਲੀ ਧੁੱਪ, ਨਕਲੀ ਪੌਣ, ਨਕਲੀ ਜਲ ਤਾਂ ਕੀ ਹੋਇਆ
ਅਸੀਂ ਫੁਲਦਾਰ ਬੂਟੇ ਵਾਹ ਲਵਾਂਗੇ ਗਮਲਿਆਂ ਉੱਪਰ
ਤਮੰਨਾ ਹੈ ਕਿ ਬਣ ਮੁਸਕਾਨ ਹਰ ਪਲ ਖੇਡਦਾ ਹੋਵਾਂ
ਮੈਂ ਮਾਵਾਂ ਨਾਲ ਲੱਗ ਕੇ ਘੂਕ ਸੁੱਤੇ ਬੱਚਿਆਂ ਉੱਪਰ
ਹੈ ਮਾਲਕ ਬਣ ਕੇ ਕਬਜ਼ਾ ਕਰਨ ਦੀ ਇੱਛਾ ਦਾ ਇਹ ਆਲਮ
ਭਿਖਾਰੀ ਲਿਖ ਰਹੇ ਨੇ ਨਾਮ ਆਪਣਾ ਠੂਠਿਆਂ ਉੱਪਰ