ਮੇਰੀ ਹਸਤੀ ਨੂੰ ਬਸ ਏਹੋ ਹਕੀਕਤ ਮਾਰ ਜਾਂਦੀ ਏ।
ਕਿ ਨਫ਼ਰਤ ਤੋਂ ਕਿਤੇ ਪਹਿਲਾਂ ਮੁਹੱਬਤ ਮਾਰ ਜਾਂਦੀ ਏ।
ਮੈਂ ਨੰਗਾ ਸੱਚ ਹਾਂ ਪਰਦੇ 'ਚ ਰਹਿਣਾ ਮੌਤ ਹੈ ਮੇਰੀ,
ਮੈਂ ਜਿਥੇ ਵੀ ਗਿਆਂ ਏਹੋ ਮੁਸੀਬਤ ਮਾਰ ਜਾਂਦੀ ਏ।
ਮੈਂ ਜਲਵੇ ਕਿਸਮਤਾਂ ਦੇ ਇੰਜ ਵੀ ਵੇਖੇ, ਮੇਰੀ ਕਿਸਮਤ,
ਕਿ ਕਿਸਮਤ ਵਾਲਿਆਂ ਨੂੰ ਆਪ ਕਿਸਮਤ ਮਾਰ ਜਾਂਦੀ ਏ।
ਕਿਤੇ ਫੁੱਲਾਂ ਨੂੰ ਫੁੱਲਾਂ ਨਾਲ ਹੀ ਹੁੰਦੀ ਕਦੂਰਤ ਹੈ,
ਕਿਤੇ ਬਸ ਆਪ ਹੀ ਔਰਤ ਨੂੰ ਔਰਤ ਮਾਰ ਜਾਂਦੀ ਏ।
ਕਲਰਕਾਂ ਨੂੰ ਪਤਾ ਕੀ, ਮਾਮਲਾ ਕੀ ਹੈ ਕਰੋੜਾਂ ਦਾ,
ਕਲਰਕਾਂ ਨੂੰ ਤਾਂ ਬਸ ਪੰਜੀ ਦੀ ਰਿਸ਼ਵਤ ਮਾਰ ਜਾਂਦੀ ਏ ।
ਅਸੀਂ ਗ਼ੈਰਾਂ ਦੇ ਚਿੱਕੜ ਦੀ ਕਦੀ ਪਰਵਾਹ ਨਹੀਂ ਕਰਦੇ,
ਜੇ ਆਪਣਾ ਹੀ ਕੋਈ ਲਾਵੇ ਤਾਂ ਤੁਹਮਤ ਮਾਰ ਜਾਂਦੀ ਏ ।
ਕਦੀ ਡਰਪੋਕ ਹੋ ਜਾਣਾ ਵੀ ਬਣਦਾ ਹੈ ਤੇਰਾ ‘ਕੇਸ਼ੀ',
ਕਿ ਅੱਜ ਦੇ ਦੌਰ ਵਿੱਚ ਯੋਧੇ ਨੂੰ ਜੁਰਅੱਤ ਮਾਰ ਜਾਂਦੀ ਏ।