ਹਕੀਕਤ ਸੀ ਨਿਰੀ ਧੋਖਾ ਨਹੀਂ ਸੀ।
ਉਹ ਕੇਵਲ ਦਿਲ ਹੀ ਸੀ ਦਰਿਆ ਨਹੀਂ ਸੀ।
ਸਜ਼ਾ ਪਾਈ ਸੀ ਪਰ ਦੱਸਿਆ ਨਹੀਂ ਸੀ।
ਕਿ ਮੈਂ ਕੋਈ ਜ਼ੁਰਮ ਕੀਤਾ ਨਹੀਂ ਸੀ।
ਮੇਰੀ ਹੈਰਤ ਬੜੀ ਹੀ ਕੁਦਰਤੀ ਹੈ,
ਮੈਂ ਇਹ ਮੰਜ਼ਰ ਕਦੀ ਤੱਕਿਆ ਨਹੀਂ ਸੀ।
ਹਨੇਰੇ ਚੋਰੀਆਂ ਕਰਦੇ ਪਏ ਸਨ,
ਤੇ ਸੂਰਜ ਦਾ ਕਿਤੇ ਪਹਿਰਾ ਨਹੀਂ ਸੀ।
ਮੇਰੇ ਰੱਬਾ ਤੂੰ ਜਿਸ ਤੇ ਕਰਮ ਕੀਤਾ,
ਉਹ ਰੱਜਿਆ ਨਾ ਸਹੀ ਭੁੱਖਾ ਨਹੀਂ ਸੀ।
ਪਈ ਜਦ ਸ਼ਾਮ ਤਾਂ ਮੁਰਝਾ ਗਿਆ ਉਹ,
ਮੇਰਾ ਸੂਰਜਮੁਖੀ ਝੂਠਾ ਨਹੀਂ ਸੀ।
ਵਫ਼ਾ ਦੇ ਬਦਲ ਵਿਚ ਮਿਲਦੀ ਵਫ਼ਾ ਹੀ,
ਮੇਰੇ ਹੱਥਾਂ 'ਚ ਇਹ ਰੇਖਾ ਨਹੀਂ ਸੀ।
ਚਲੋ ਚੰਗਾ ਹੈ ‘ਕੇਸ਼ੀ ਮਰ ਗਿਆ ਹੈ,
ਬੜਾ ਬੇਅਦਬ ਸੀ ਝੁਕਦਾ ਨਹੀਂ ਸੀ।