ਖ਼ਾਨਗੀ ਮਨਸੂਬਾ ਬੰਦੀ ਦੀ ਮੁਹਿੰਮ ਨੂੰ
ਦੇ ਗਿਉਂ ਜੇ ਕਰ ਝਿਕਾਨੀ
ਹੁਣ ਤੇਰੀ ਆਪਣੀ ਹੈ ਤੇਰੀ ਜ਼ਿੰਦਗਾਨੀ
ਇਸ ਦੇ ਹਰ ਇਕ ਸਵਾਸ ਦਾ
ਜੋ ਵੀ ਚਾਹੇ
ਫੈਸਲਾ ਖ਼ੁਦ ਆਪ ਕਰ ਸਕਦਾ ਏਂ ਤੂੰ
ਦੇਸ ਦੇ ਜਿਹੜੇ ਵੀ ਹਿੱਸੇ ਵਿਚ
ਜਦ ਵੀ
ਜਿਸ ਤਰ੍ਹਾਂ ਵੀ ਚਾਹੋ ਮਰ ਸਕਦਾ ਏਂ ਤੂੰ।
ਸਮਝ ਨਾ ਇਸ ਵਿਚ ਹੈ ਕੋਈ ਰੌ ਰਿਆਇਤ
ਰਿਸ਼ੀਆਂ ਮੁੰਨੀਆਂ ਦੇ ਪਵਿੱਤਰ ਦੇਸ ਦੀ
ਇਹ ਹੈ ਜਮਹੂਰੀ ਰਵਾਇਤ।
ਜੇ ਅਮਰ ਹੋਣਾ ਹੈ ਮਰ ਕੇ ਆਸ਼ਕਾਂ ਸੰਗ
ਆਗਰੇ ਵਿਚ ਸੰਗਮਰਮਰ ਦੀ ਬਣੀ
ਸ਼ਹਿਨਸ਼ਾਹੀ ਇਸ਼ਕ ਦੀ ਹੈ ਯਾਦਗਾਰ
ਲੰਘਦੀ ਜਮਨਾ ਹੈ ਜਿਸਦੇ ਨਾਲ ਨਾਲ
ਕਿਸੇ ਦਿਨ ਚੜ੍ਹ ਕੇ ਇਹਦੀ ਦੀਵਾਰ 'ਤੇ
ਮਾਰ ਦੇ ਲਹਿਰਾਂ 'ਚ ਛਾਲ।
ਜੇ ਤੇਰਾ ਉੱਚਾ ਖ਼ਿਆਲ
ਪਹੁੰਚ ਦਿੱਲੀ ਦੇ ਕੁਤਬ-ਮੀਨਾਰ 'ਤੇ।
ਠੀਕ ਹੈ ਚਲ ਨਾ ਸਹੀ
ਜੇ ਮਨਾਹੀ ਪਹਿਲੀ ਮੰਜ਼ਲ ਤੋਂ ਉਤਾਹਾਂ ਜਾਣ ਦੀ
ਗੱਲ ਨਹੀਂ ਘਬਰਾਣ ਦੀ
ਕੁੰਭ ਦੇ ਮੇਲੇ ਦੀ ਭਗਦੜ ਵਿਚ ਜਾ
ਕਿਸੇ ਥਾਂ ਦੀ ਫਿਰਕੂ ਗੜਬੜ ਵਿਚ ਜਾ
ਡੁੱਬ ਜਾ ਜਾਂ
ਭਾਖੜੇ ਤੋਂ ਨਿਕਲਦੀ ਜਿਹੜੀ ਵੀ ਚਾਹੇਂ ਨਹਿਰ ਵਿਚ
ਪਰ ਜੇ ਮਰਨਾ ਲੋੜਦਾਂ ਬੰਦੂਕ ਦੀ ਗੋਲੀ ਦੇ ਨਾਲ
ਮੌਕਿਆਂ ਦਾ ਕਦ ਹੈ ਕਾਲ
ਚਲਾ ਜਾ ਭਾਵੇਂ ਕਿਸੇ ਵੀ ਸ਼ਹਿਰ ਵਿਚ
ਜਿਥੇ ਅਜ ਕਲ੍ਹ ਆਮ
ਭੁੱਖੇ ਲੋਕ ਲੁੱਟਦੇ ਨੇ ਗ਼ੁਦਾਮ।
ਥਾਂ ਕੁ ਥਾਂ ਜੇ ਕਰ ਭਟਕਣਾ ਠੀਕ ਨਹੀਂ
ਤੇ ਭੁੱਖਿਆਂ ਦੇ ਵਿਚ ਰਲਣਾ ਠੀਕ ਨਹੀਂ
ਖਾਣ ਵਾਲੀ ਕਿਸੇ ਵੀ ਸ਼ੈ ਵਿਚ
ਮਿਲਾਵਟ ਵਾਂਗ
ਤੇਰੇ ਘਰ 'ਚ ਆ ਸਕਦੀ ਹੈ ਮੌਤ
ਬਹੁਤ ਨੇ ਸੰਭਾਵਨਾਵਾਂ
ਚੋਣ ਤੇਰੀ ਆਪਣੀ ਹੈ
ਜਿਸ ਤਰੀਕੇ ਤੇ ਵੀ ਚਾਹੇ
ਹੱਥ ਧਰ ਸਕਦਾ ਏਂ ਤੂੰ
ਦੇਸ਼ ਦੇ ਜਿਹੜੇ ਵੀ ਹਿੱਸੇ ਵਿਚ
ਜਦ ਵੀ
ਜਿਸ ਤਰ੍ਹਾਂ ਵੀ ਚਾਹੇ ਮਰ ਸਕਦਾ ਏ ਤੂੰ।