ਜਾਂਦਾ ਸਿਰਜਿਆ ਫੇਰ ਮਹੌਲ ਕੈਸਾ
ਜਦੋਂ ਚੱਲ ਦਾ ਦਾਅ ਹਕੂਮਤਾਂ ਦਾ
ਹੱਥਾਂ ਸਾਡਿਆ ਵਿੱਚ ਹਥਿਆਰ ਦਿੱਤੇ
ਹੋਇਆ ਪੱਧਰਾ ਰਾਹ ਹਕੂਮਤਾਂ ਦਾ
ਗੈਰਤ ਵਾਲਿਆ ਨੂੰ ਹੀ ਮਾਰ ਵੱਜਦੀ
ਜਿਹੜੇ ਸੂਤਦੇ ਸਾਹ ਹਕੂਮਤਾਂ ਦਾ
ਵਿੱਚ ਸੰਨ ਸੰਨਤਾਲੀ ਚੌਰਾਸੀਆ ਦੇ
ਝੱਲਿਆ ਬੜਾ ਹੀ ਤਾਅ ਹਕੂਮਤਾਂ ਦਾ
ਕਦੇ ਵੰਡ ਪੰਜਾਬ ਨੂੰ ਕਹਿਰ ਕੀਤਾ
ਉਹ ਵੀ ਖੇਡੀ ਸੀ ਖੇਡ ਹਕੂਮਤਾਂ ਨੇ
ਕਦੇ ਤਖਤ ਅਕਾਲ ਤੇ ਫਾਇਰ ਕੀਤਾ
ਉਹ ਵੀ ਖੇਡੀ ਸੀ ਖੇਡ ਹਕੂਮਤਾਂ ਨੇ
ਕਦੇ ਕਤਲ ਸਾਡਾ ਪਾ ਕੇ ਟਾਇਰ ਕੀਤਾ
ਉਹ ਵੀ ਖੇਡੀ ਸੀ ਖੇਡ ਹਕੂਮਤਾਂ ਨੇ
ਘੱਲੂਘਾਰਿਆਂ ਦਾ ਇਨਸਾਫ ਕੈਸਾ
ਦਿੱਤਾ ਕਰਕੇ ਝੇਡ ਹਕੂਮਤਾਂ ਨੇ
ਦਾਸਤਾਨ ਉਹ ਸਦਾ ਅਮਿੱਟ ਰਹਿਣੀ
ਮੱਥਾ ਲਾਇਆ ਜਦ ਨਾਲ ਹਕੂਮਤਾਂ ਦੇ
ਸਾਡੇ ਚੌਹੀਂ ਪਾਸੀਂ ਸੰਘਣੇਂ ਤਣੇਂ ਹੋਏ
ਪੈਰ ਪੈਰ ਤੇ ਜਾਲ ਹਕੂਮਤਾਂ ਦੇ
ਸਾਡੇ ਵਿੱਚ ਨੇ ਭਾਵੇਂ ਘੁਸਪੈਠ ਕਰਗੇ
ਸਾਡੇ ਰੂਪ ਵਿੱਚ ਭਿਆਲ ਹਕੂਮਤਾਂ ਦੇ
ਗੋਦਾਂ ਗੁੰਦਦੇ ਨੇ ਸਾਨੂੰ ਖਤਮ ਕਰਨਾ
ਦਿਨੇ ਰਾਤ ਖਿਆਲ ਹਕੂਮਤਾਂ ਦੇ
ਸਮਝੀਂ ਗੱਲ ਇੱਕ ਪੰਥ ਪਿਆਰਿਆ ਉਏ
ਗੰਗੂ ਸਾਡੇ ਵਿੱਚ ਵਾੜੇ ਹਕੂਮਤਾਂ ਨੇ
ਸਾਡੇ ਤਖਤ ਤੇ ਸਾਡੇ ਗ੍ਰੰਥ ਵੰਡੇ
ਪਾ ਦਿੱਤੇ ਪੁਵਾੜੇ ਹਕੂਮਤਾਂ ਨੇ
ਲੜਨ ਚੌਧਰਾਂ ਤੇ ਜਥੇਦਾਰੀਆਂ ਲਈ
ਵਲ ਦਿੱਤੇ ਅਖਾੜੇ ਹਕੂਮਤਾਂ ਨੇ
ਆਗੂ ਧਰਮ ਦੇ ਬਹੁਤੇ ਖਰੀਦ ਲਏ ਨੇ
ਪਾਅ ਪਾਅ ਕੇ ਭਾੜੇ ਹਕੂਮਤਾਂ ਨੇ
ਜਥੇਬੰਦੀਆਂ ਧੜਿਆ 'ਚ ਵੰਡ ਸਾਨੂੰ
ਕਰ ਦਿੱਤਾ ਵੈਰਾਨ ਹਕੂਮਤਾਂ ਨੇ
ਸਾਡੇ ਆਪਣੇ ਹੀ ਸਾਨੂੰ ਜਹਿਰ ਦਿੰਦੇ
ਚਾਲ ਚੱਲੀ ਸ਼ੈਤਾਨ ਹਕੂਮਤਾਂ ਨੇ
ਘੂਕ ਸੁੱਤਿਆਂ ਸ਼ੇਰਾਂ ਦੇ ਵੱਢ ਗਾਟੇ
ਬਣ ਜਾਣਾਂ ਬਲਵਾਨ ਹਕੂਮਤਾਂ ਨੇ
ਅਮਰਜੀਤ ਸਿਹਾਂ ਮੂਲ ਪਹਿਚਾਨ ਆਪਣਾ
ਕਰ ਦੇਣਾਂ ਈ ਘਾਣ ਹਕੂਮਤਾਂ ਨੇ