ਤੇਰੀ ਸਿਫ਼ਤ ਬਿਆਨਾਂ ਕੀਵੇਂ, ਕੁਝ ਉਸਦਾ ਅੰਦਾਜ਼ ਨਈਂ,
ਕਿਉਂਕਿ ਤੇਰੀ ਸਿਫ਼ਤ ਸਨਾ ਦਾ, ਅੰਤ ਨਈਂ, ਅੰਦਾਜ਼ ਨਈਂ ।
ਮੰਗਾਂ ਤੈਥੋਂ ਓਹੀ ਦਾਤਾ, ਜੇਹੜੀ ਥੋੜ੍ਹ ਹੈ ਲੋੜ ਮਿਰੀ,
ਮੈਂ ਨਾ ਬਿੱਤੋਂ ਬਾਹਰਾ ਲੋੜਾਂ, ਏਹ ਮੇਰਾ ਅੰਦਾਜ਼ ਨਈਂ ।
ਜ਼ਿਕਰ ਤਿਰਾ ਇਨਸਾਨਾਂ ਤੇ ਹੈਵਾਨਾਂ ਤੀਕ ਨਹੀਂ ਸੀਮਤ,
ਤੇਰੀ ਤਸਬੀਹ ਬਿਰਖ ਵੀ ਪੜ੍ਹਦੇ, ਜਿਨ੍ਹਾਂ ਕੋਲ ਆਵਾਜ਼ ਨਈਂ ।
ਤੇਰੀ ਹੱਨਿਆਂ ਜੱਨਤ ਵਰਗੀ, ਦੋਜ਼ਖ਼ ਕੀਤੀ ਲੋਕਾਂ ਨੇਂ,
ਕੋਈ ਤੇਰਾ ਮੇਰੇ ਬਾਹਜੋਂ, ਦੁਨੀਆਂ ਤੇ ਹਮਰਾਜ਼ ਨਈਂ ।
ਸ਼ਬਦਾਂ ਦੇ ਜੋ ਹਾਰ ਪਰੋਕੇ, ਸ਼ੇਅਰਾਂ ਦੇ ਗਲ਼ ਪਾਨਾਂ ਵਾਂ,
ਤੇਰੀ ਦੇਣ ਬਿਨਾਂ ਕੁਝ ਮੇਰੀ, ਸੋਚਾਂ ਵਿੱਚ ਪਰਵਾਜ਼ ਨਈਂ ।
ਤੇਰੀ ਬਖ਼ਸ਼ਸ਼ ਦਾ ਮੈਂ ਤਾਲਬ, ਏਹ ਹੀ ਖ਼ਵਾਹਿਸ਼ ਲਾਲਚ ਹੈ,
ਤੇਰੇ ਬਾਹਜੋਂ ਮੇਰਾ ਯਾ ਰੱਬ, ਕੋਈ ਚਾਰਾ-ਸਾਜ਼ ਨਈਂ ।
ਤੇਰੀ ਮਾਫ਼ ਕਰਨ ਦੀ ਸਿਫ਼ਤੋਂ, ਚੁਕਦੈ ਬੰਦਾ ਫ਼ੈਦੇ, ਪਰ,
ਭੈੜੇ ਕੰਮਾਂ ਕਾਰਾਂ ਕੋਲੋਂ, ਰਹਿੰਦਾ ਫ਼ਿਰ ਵੀ ਬਾਜ਼ ਨਈਂ ।
ਘੁੱਪ ਹਨੇਰੇ ਵਿੱਚੋਂ ਕਢਨੈਂ, ਸੂਰਜ ਰੋਜ਼ ਈ ਸ਼ਾਨਾਂ ਨਾਲ,
ਕੀ ਏਹ ਤੇਰੀ ਵਡਿਆਈ ਦਾ, ਸਭ ਤੋਂ ਵੱਡਾ ਰਾਜ਼ ਨਈਂ !
ਗੱਲਾਂ ਮੇਰੀ ਜੀਭਾ ਉੱਤੇ, ਜ਼ਿਹਨ 'ਚ ਲਫ਼ਜ਼ਾਂ ਦੇ ਭੰਡਾਰ,
ਕਹਿਣ, ਲਿਖਣ ਨੂੰ ਫ਼ਿਰ ਵੀ ਮੇਰੇ ਕੋਲ, ਓਨੇ ਅਲਫ਼ਾਜ਼ ਨਈਂ ।
ਦੁਨੀਆਂ ਦੀ ਤਅਰੀਫ਼ ਦਾ ਰੱਬਾ, ਮੰਨਿਐਂ ਤੂੰ, ਮੋਹਤਾਜ ਨਈਂ,
ਪਰ ਤੇਰੀ ਮੋਹਤਾਜੀ ਤੋਂ ਬਿਨ, 'ਅਸ਼ਰਫ਼' ਸਰਅਫ਼ਰਾਜ਼ ਨਈਂ ।