ਹਾਮੀ ਭਾਵੇਂ ਸ਼ੀਸ਼ਿਆਂ ਦੀ

ਹਾਮੀ ਭਾਵੇਂ ਸ਼ੀਸ਼ਿਆਂ ਦੀ ਹਰ ਸਮੇਂ ਭਰਦੇ ਨੇ ਲੋਕ। 

ਪਰ ਕਲੋਲਾਂ ਪੱਥਰਾਂ ਦੇ ਨਾਲ ਹੀ ਕਰਦੇ ਨੇ ਲੋਕ। 

ਗ਼ੈਰ ਜੇ ਹਉਕਾ ਭਰੇ ਤਾਂ ਉਹ ਵੀ ਲਗਦਾ ਜੁਰਮ ਹੈ 

ਖ਼ੁਦ ਗੁਨਾਹ ਕਰਕੇ ਹਜਾਰਾਂ ਪਾਂਵਦੇ ਪਰਦੇ ਨੇ ਲੋਕ। 

ਹੰਝੂਆਂ ਦਾ ਖਾਰਾ ਸਾਗਰ ਨਾ ਰਤਾ ਵੀ ਛਲਕਦਾ 

ਹਾਸਿਆਂ ਨੂੰ ਬੁੱਲ੍ਹੀਆਂ 'ਤੇ ਬੋਚ ਕੇ ਧਰਦੇ ਨੇ ਲੋਕ। 

ਛਾਂਗਦੇ ਛਾਵਾਂ ਸੀ ਜਦ ਉਹ, ਰੁੱਖ ਨੂੰ ਪੁੱਛਿਆ ਕਿਸੇ 

ਰੁੱਖ ਨੇ ਹੱਸ ਕੇ ਕਿਹਾ ਕਿ ਆਪਣੇ ਘਰ ਦੇ ਨੇ ਲੋਕ। 

ਮੋਹ-ਮੁਹੱਬਤ, ਪਿਆਰ ਹੁਣ ਤਾਂ ਬਣ ਗਏ ਰਸਮਾਂ ਜਨਾਬ

ਰਿਸ਼ਤਿਆਂ ਤੋਂ ਅੱਖ ਬਚਾ ਕੇ ਚੁਗਲੀਆਂ ਕਰਦੇ ਨੇ ਲੋਕ। 

'ਮਾਨ' ਤੇਰੇ ਸ਼ਹਿਰ ਦਾ ਦਸਤੂਰ ਹੀ ਇਹ ਬਣ ਗਿਆ 

ਊਣਿਆਂ ਨੂੰ ਹੋਰ ਊਣਾ, ਭਰਿਆਂ ਨੂੰ ਭਰਦੇ ਨੇ ਲੋਕ।

📝 ਸੋਧ ਲਈ ਭੇਜੋ