ਹੰਢੀ ਵਰਤੀ ਗੱਲ ਏ ਮੇਰੀ

ਹੰਢੀ ਵਰਤੀ ਗੱਲ ਏ ਮੇਰੀ, ਸੱਪਾਂ ਨਾਲ ਪਿਆਰ ਨਾ ਚੰਗਾ ।

ਨੀਚਾਂ ਦੀ ਅਸ਼ਨਾਈ ਉੱਤੇ, ਹੱਦੋਂ ਵੱਧ ਇਤਬਾਰ ਨਾ ਚੰਗਾ ।

ਸੁੱਖਾਂ ਪੱਲੇ ਕੀ ਪੈਣਾ ਸੀ, ਦੁਖ ਨਾ ਜੇ ਕਰ ਪੇਟੇ ਪੈਂਦੇ,

ਤੇਰਾ ਮਾਨ ਵੀ ਤੋੜ ਨਾ ਦੇਵੇ, ਐਨਾ ਯਾਰ ਹੰਕਾਰ ਨਾ ਚੰਗਾ ।

ਨਸਲਾਂ ਦੀ ਤੂੰ ਗੱਲ ਨਾ ਛੇੜੀਂ, ਮੁਰਸ਼ਦ ਨੇ ਮੱਤ ਦਿੱਤੀ ਮੈਨੂੰ,

ਤੇਰੇ ਮੂੰਹੋਂ ਮੂਲ ਨਾ ਸ਼ੋਭੇ, ਹੌਲੀ ਜ਼ਾਤ ਦਾ ਯਾਰ ਨਾ ਚੰਗਾ ।

ਨਾਜ਼ੁਕ ਦਿਲ ਤੇ ਸੱਟ ਲੱਗੇ ਤੇ ਅੱਥਰੂ ਗਿੱਲਾਂ ਛੱਡ ਜਾਂਦੇ ਨੇ,

ਤੇਰੇ ਸੁੰਦਰ ਮੁੱਖੜੇ ਉੱਤੇ ਹੰਝੂਆਂ ਦਾ ਇਕ ਹਾਰ ਨਾ ਚੰਗਾ ।

ਚੁੱਪ ਦਾ ਰੋਗ ਹੀ ਖਾ ਗਿਆ ਮੈਨੂੰ ਜਿੰਦਰਾ ਤੋੜ ਦੇ 'ਆਤਿਸ਼'

ਘੁਣ ਦੇ ਵਾਂਗਰ ਖਾ ਜਾਂਦਾ ਏ ਦਿਲ ਵਿਚ ਬੰਦ ਗ਼ੁਬਾਰ ਨਾ ਚੰਗਾ ।

📝 ਸੋਧ ਲਈ ਭੇਜੋ