ਹਨ੍ਹੇਰੇ ਨੂੰ ਤਾਸੀਰ ਆਪਣੀ ਵਿਖਾ ਦੇ।
ਤੂਫ਼ਾਨਾਂ ਦੀ ਜ਼ਦ ਵਿਚ ਵੀ ਦੀਵੇ ਜਗਾ ਦੇ।
ਉਹ ਫਿਰ ਤੇਰੇ ਨਿਸਚੇ ਨੂੰ ਪਰਖਣ ਤੁਰੇ ਨੇ,
ਇਹ ਵੇਲਾ ਹੈ ਮਿੱਟੀ ਦਾ ਕਰਜ਼ਾ ਚੁਕਾ ਦੇ।
ਲਹੂ ਨਾਲ ਰੰਗੀਆਂ ਇਹਨਾਂ ਦੀਆਂ ਚੁੰਝਾਂ,
ਤੂੰ ਨਿਰਮਲ ਸਰੋਵਰ ਤੋਂ ਬਗ਼ਲੇ ਉਡਾ ਦੇ।
ਜੋ ਦੁੱਖਾਂ ਦੀ ਅਗਨੀ ‘ਚ ਤੈਨੂੰ ਤਪਾਉਂਦਾ,
ਤੂੰ ਉਸ ਦਮਨਕਾਰੀ ਦਾ ਤੰਤਰ ਜਲਾ ਦੇ।
ਤੂੰ ਕਣ ਕਣ ‘ਤੇ ਲਿਖ ਦੇ ਮੁਹੱਬਤ ਮੁਹੱਬਤ,
ਤੇ ਸਾਰੀ ਹੀ ਧਰਤੀ ਨੂੰ ਜੰਨਤ ਬਣਾ ਦੇ।