ਹਾਣੀਆਂ ਵੇ ਹਾਣੀਆਂ

ਹਾਣੀਆਂ ਵੇ ਹਾਣੀਆਂ

ਕਿੱਥੇ ਲੁਕ ਛੁਪ ਕੇ ਤੂੰ ਪਾਨਾ ਏਂ ਕਹਾਣੀਆਂ

ਬਿਰਹੋਂ ਦੀ ਅਗ ਵਿਚ ਏਦਾਂ ਵੀ ਨਾ ਜਾਲ ਵੇ ।

ਦੇਖ ਆਪ ਆ ਕੇ ਮੇਰਾ ਤਤੜੀ ਦਾ ਹਾਲ ਵੇ ।

ਤੇਰੇ ਬਾਝ ਇਕ ਦਿਨ ਜਾਪੇ ਇਕ ਸਾਲ ਵੇ ।

ਮੇਰੇ ਦਿਨ ਦੇਸੇ ਸਾਰੇ ਲੈ ਗਇਆ ਏਂ ਨਾਲ ਵੇ ।

ਤੇਰੇ ਬਿਨਾਂ ਹੁਣ ਕਦੇ ਖ਼ੁਸ਼ੀਆਂ ਨਹੀਂ ਮਾਣੀਆਂ ।

ਹਾਣੀਆਂ ਵੇ ਹਾਣੀਆਂ

ਕਿੱਥੇ ਲੁਕ ਛੁਪ ਕੇ ਤੂੰ ਪਾਨਾ ਏਂ ਕਹਾਣੀਆਂ ।

ਮੁਖੜੇ ਦੇ ਗੋਰਿਆ ਤੇ ਦਿਲੇ ਦਿਆ ਕਾਲਿਆ। 

ਤੇਰੇ ਨਾਲ ਨੇਹੁੰ ਲਾ ਕੇ ਰੋਗ ਅਸਾਂ ਲਾ ਲਿਆ। 

ਆਸ਼ਕੀ ਦੇ ਸਾਜ਼ ਉੱਤੇ ਮਾਰੂ ਰਾਗ ਗਾ ਲਿਆ । 

ਹਾਸੇ ਹਾਸੇ ਵਿਚ ਇਕ ਫਾਹਾ ਗਲ ਪਾ ਲਿਆ । 

ਜਾ ਕੇ ਸਾਡੇ ਪਾਸੋਂ ਕਿੱਥੇ ਲੰਮੀਆਂ ਨੇ ਤਾਣੀਆਂ । 

ਹਾਣੀਆਂ ਵੇ ਹਾਣੀਆਂ-

ਕਿੱਥੇ ਲੁਕ ਛੁਪ ਕੇ ਤੂੰ ਪਾਨਾ ਏਂ ਕਹਾਣੀਆਂ ।

ਸੁੱਕੀਆਂ ਨੇ ਆਸਾਂ ਸਾਡੇ ਦੀਦੇ ਨਹੀਂਉਂ ਸੁੱਕਣੇ । 

ਮੁੱਕੀਆਂ ਉਮੀਦਾਂ ਸਾਡੇ ਗ਼ਮ ਨਹੀਉਂ ਮੁੱਕਣੇ । 

ਰੁੱਕਣੇ ਨੇ ਸਾਹ ਸਾਡੇ ਹੌਕੇ ਨਹੀਉਂ ਰੁੱਕਣੇ । 

ਚੁੱਕ ਲਵੇ ਰਬ ਸਾਨੂੰ ਦੁਖ ਨਹੀਂ ਜੇ ਚੁੱਕਣੇ। 

ਨਾ ਤੂੰ ਏਸ ਤਰਾਂ ਤੋੜ ਯਾਰੀਆਂ ਪੁਰਾਣੀਆਂ । 

ਹਾਣੀਆਂ ਵੇ ਹਾਣੀਆਂ

ਕਿੱਥੇ ਲੁਕ ਛੁਪ ਕੇ ਤੂੰ ਪਾਨਾ ਏਂ ਕਹਾਣੀਆਂ।

📝 ਸੋਧ ਲਈ ਭੇਜੋ