ਸਾਗਰ ਵਰਗਾ  ਖਾਰਾ ਹੰਝੂ,

ਦਿਲ ਦਾ ਬਣੇ ਸਹਾਰਾ ਹੰਝੂ।

ਸਭੈ ਸਾਥ ਕਿਨਾਰਾ ਕਰ ਜਾਣ,

ਪਰ ਨਾ ਕਰੇ ਕਿਨਾਰਾ ਹੰਝੂ।

ਇੱਕ ਹੰਝੂ ਦਾ ਮੁੱਲ ਕਈ ਪੀੜਾਂ,

ਪੀੜਾਂ  ਦਾ  ਵਣਜਾਰਾ  ਹੰਝੂ।

ਦੁੱਖ, ਰੋਸੇ, ਗਮ ਚੁੱਕੀ ਫਿਰਦਾ,

ਕੀ ਜਾਣੋ ? ਕਿਨਾਂ ਭਾਰਾ ਹੰਝੂ।

ਅੱਖ ਤਾਂ ਬਸ ਗਵਾਹੀ ਭਰਦੀ,

ਦਿਲ ਚੋਂ ਨਿਕਲੇ ਯਾਰਾ ਹੰਝੂ।

ਬੱਚੇ ਦਾ  ਹੰਝੂ  'ਰੋਸੇ'  ਵਾਲਾ,

ਕਿਰਤੀ ਦਾ 'ਵਿਚਾਰਾ' ਹੰਝੂ।

ਧੀ ਬਾਬਲ  ਤੋਂ  ਦੁੱਖ ਛਪਾਵੇ,

ਹਾਲ  ਦਸ ਜਾਏ ਸਾਰਾ  ਹੰਝੂ।

'ਸਿੱਧੂ' ਦੀ ਅੱਖ ਨਮੀਂ-ਨਿਮਰਤਾ,

ਤਾਹੀਓਂ  ਜਾਣੋਂ ਪਿਆਰਾ ਹੰਝੂ।

📝 ਸੋਧ ਲਈ ਭੇਜੋ