ਹੰਝੂ ਪੱਲੇ ਪਾ ਕੇ ਲੋਕਾਂ

ਹੰਝੂ ਪੱਲੇ ਪਾ ਕੇ ਲੋਕਾਂ ਹਾਸੇ ਗਹਿਣੇ ਰੱਖੇ ।

ਲੱਭਾ ਕੀ ਉਸ ਪਾਣੀ ਕੋਲ ਪਤਾਸੇ ਗਹਿਣੇ ਰੱਖੇ ।

ਪੂਰਾ ਨਹੀਂ ਪਰ ਹੋ ਸਕਦਾ ਇਹ ਸ਼ੁਰੂ ਰਾਤ ਦਾ ਖ਼ਾਬ,

ਹਿਰਸ ਤਮਾ ਨੇ ਬੰਦੇ ਚਾਰੇ ਪਾਸੇ ਗਹਿਣੇ ਰੱਖੇ ।

ਮੌਸਮ ਬਦਲਣ ਤੇ ਵੀ ਲੱਭੀ ਖਾਰਾਂ ਦੀ ਜਾਗੀਰ,

ਫੁੱਲ ਉਮੀਦਾਂ ਵਾਲੇ ਸੀ ਬੇਆਸੇ ਗਹਿਣੇ ਰੱਖੇ ।

ਜੀਹਨੂੰ ਮੇਰੇ ਪਿਆਰ ਮੁਹੱਬਤ ਦਾ ਨਹੀਂ ਕੋਈ ਯਕੀਨ,

ਮੇਰੇ ਸਾਹ ਵੀ ਓਸੇ ਬੇਵਿਸਵਾਸੇ ਗਹਿਣੇ ਰੱਖੇ ।

ਫੁੱਲ ਵਿਚਾਰਾ ਰਹਿ ਜਾਣਾ ਤੇ ਤੂੰ ਨਹੀਂ ਰਹਿਣਾ ਪਰੀਏ,

ਤੈਨੂੰ ਕੀ ਕੋਈ ਉੱਧਲ ਜਾਣੀਏ 'ਵਾਸੇ' ਗਹਿਣੇ ਰੱਖੇ ।

ਧੀ ਨਿਮਾਣੀ ਨੂੰ ਨਾ ਲੱਭਾ ਤਾਂ ਵੀ ਸੁਰਖ਼ ਦੁਪੱਟਾ,

ਮਾਪਿਆਂ ਨੇ ਸਭ ਘਰ ਦੇ ਤੋਲੇ ਮਾਸੇ ਗਹਿਣੇ ਰੱਖੇ ।

ਚੁੱਲ੍ਹੇ ਨੂੰ ਤਾਅ ਦੇਣ ਲਈ 'ਸੁਲਤਾਨ' ਏ ਗੱਲ ਕੁਚੱਜੀ,

ਬੰਦਾ ਆਪਣੀ ਰਾਵੀ, ਸਿੰਧ, ਬਿਆਸੇ ਗਹਿਣੇ ਰੱਖੇ ।

📝 ਸੋਧ ਲਈ ਭੇਜੋ