ਹੰਝੂਆਂ ਦੀ ਦੇ ਰਿਹਾ ਸੌਗ਼ਾਤ ਹੈ
ਓਸ ਦੀ ਏਨੀ ਕੁ ਹੀ ਔਕਾਤ ਹੈ
ਕਹਿ ਰਿਹਾ ਹਾਕਮ ਕਹੋ ਗੁਡ ਮੋਰਨਿੰਗ
ਦੇਸ਼ ਵਿੱਚ ਭਾਵੇਂ ਅਜੇ ਵੀ ਰਾਤ ਹੈ
ਇਹ ਜੋ ਦਿੱਸਦਾ ਜੁਗਨੂੰਆਂ ਦਾ ਕਾਫ਼ਿਲਾ
ਇਸਨੇ ਦੇਣੀ ਨ੍ਹੇਰਿਆਂ ਨੂੰ ਮਾਤ ਹੈ
ਆਪਣੀ ਆਵਾਜ਼ ਨੂੰ ਖ਼ੁਦ ਮਾਰਨਾ
ਇਕ ਤਰ੍ਹਾਂ ਦਾ ਇਹ ਵੀ ਆਤਮਘਾਤ ਹੈ
ਸੱਚ ਬੋਲੇ ਪਰ ਡਰੇ ਫਿਰ ਮੌਤ ਤੋਂ
ਇਹ ਅਸਾਡੇ ਦੌਰ ਦਾ ਸੁਕਰਾਤ ਹੈ
ਵੇਖਦਾਂ ਹੈਂ ਐ ਮਨਾਂ ਹੋਰਾਂ ਦੇ ਐਬ
ਅਪਣੇ ਅੰਦਰ ਕਿਉਂ ਨਾ ਮਾਰੀ ਝਾਤ ਹੈ