ਹੰਝੂਆਂ ਦੀ ਛਬੀਲ

ਯਾਦ ਤੇਰੀ ਦੇ ਤਪਦੇ ਰਾਹੀਂ,

ਮੈਂ ਹੰਝੂਆਂ ਦੀ ਛਬੀਲ ਲਾਈ

ਮੈਂ ਜ਼ਿੰਦਗੀ ਦੇ ਧੁਆਂਖੇ ਹੋਠਾਂ ਨੂੰ

ਰੋਜ਼ ਗ਼ਮ ਦੀ ਗਲੋ ਪਿਆਈ

ਮੇਰੇ ਗੀਤਾਂ ਦਾ ਹੰਸ ਜ਼ਖ਼ਮੀ

ਮੈਂ ਸੋਚਦੀ ਹਾਂ ਕਿ ਮਰ ਜਾਏਗਾ,

ਜੇ ਜੁਦਾਈ ਵਸਲ ਦੇ ਮੋਤੀ-

ਅੱਜ ਆਪ ਹੱਥੀਂ ਨਾ ਲੈ ਕੇ ਆਈ

ਵਰ੍ਹ ਰਹੀਆਂ ਬਦਲੋਟੀਆਂ 'ਤੇ

ਤਾਂ ਚਾਤ੍ਰਿਕ ਨੂੰ ਗਿਲਾ ਨਹੀਂ ਕੋਈ,

ਇਹ ਉਸ ਦੀ ਆਪਣੀ ਹੈ ਬਦਨਸੀਬੀ

ਕਿ ਜੀਭ ਉਹਦੀ ਰਹੀ ਤਿਹਾਈ

ਨਿੰਮੜੀ ਦੇ ਕਸੈਲੇ ਫੁੱਲਾਂ

ਦੇ ਵਿਚ ਵੀ ਸੱਜਣਾ ਵੇ ਸ਼ਹਿਦ ਹੁੰਦੈ

ਕਸਮ ਹੈ ਤੈਨੂੰ ਤੂੰ ਮੁੜ ਨਾ ਆਖੀਂ

ਵੇ ਭੌਰਿਆਂ ਨੂੰ ਕਦੇ ਸ਼ੁਦਾਈ

ਯਾਦ ਤੇਰੀ ਦੇ ਤਪਦੇ ਰਾਹੀਂ,

ਨੇ ਹਰ ਕਦਮ ਤੇ ਉਜਾੜ ਖੋਲੇ

ਬੇਚੈਨ ਹੋਏ ਜਿਹੇ ਉਡਦੇ ਫਿਰਦੇ

ਨੇ ਜਾਂ ਉਮੀਦਾਂ ਦੇ ਵਾਵਰੋਲੇ

ਇਹਨਾਂ ਰਾਹਾਂ ਤੋਂ ਗੁਜ਼ਰ ਜਾਂਦੀ

ਹੈ ਰੋਜ਼ ਪੁਨੂੰ ਨੂੰ ਰੋਂਦੀ ਕੋਈ,

ਕਦੇ ਕਦੇ ਜਾਂ ਗੁਜ਼ਰ ਨੇ ਜਾਂਦੇ

ਵੇ ਖੇੜੇ ਹੀਰਾਂ ਦੇ ਲੈ ਕੇ ਡੋਲੇ

ਜਾਂ ਇਹਨਾਂ ਰਾਹਾਂ ਦੇ ਮੀਲ-ਪੱਥਰਾਂ

ਤੇ ਰੋਜ਼ ਬਿਰਹੋਂ ਦੇ ਬਾਜ਼ ਬੈਠਣ,

ਜਾਂ ਮਾਸ ਖੋਰੀ ਕੋਈ ਡਾਰ ਗਿੱਧਾਂ ਦੀ

ਹੱਡੋ-ਰੋੜੇ ਪਈ ਟਟੋਲੇ

ਇਕ ਸਮਾਂ ਸੀ ਮੈਂ ਸਮਝਦੀ ਸਾਂ

ਵੇ ਪ੍ਰੀਤ-ਅਗਨੀ ਦਾ ਕੁੰਡ ਤੈਨੂੰ,

ਪਰ ਇਕ ਸਮਾਂ ਹੈ ਤੂੰ ਬੁਝ ਗਿਆ ਹੈਂ

ਵੇ ਵਾਂਗ ਧੁਖ਼ਦੇ ਬਿਆਰੀ ਕੋਲੇ

ਯਾਦ ਤੇਰੀ ਦੇ ਤਪਦੇ ਰਾਹੀਂ

ਵੇ ਹੋਰ ਮੈਥੋਂ ਨਾ ਟੁਰਿਆ ਜਾਏ

ਕੌਣ ਥੋਰ੍ਹਾਂ ਨੂੰ ਸਮਝ ਕਲੀਆਂ

ਵੇ ਜਾਣ ਬੁਝ ਕੇ ਗਲੇ ਲਗਾਏ

ਸੜ੍ਹੈਂਦ ਲੱਦੀ ਹਵਾ ਸਮੇਂ ਦੀ

'ਚ ਕੌਣ ਖ਼ੁਸ਼ੀਆਂ ਦਾ ਇਤਰ ਛਿੜਕੇ,

ਕੌਣ ਗਿਰਝਾਂ ਥਾਂ ਹਸਰਤਾਂ ਦੇ

ਵੇ ਧੁੰਧਲੇ ਅਰਸ਼ੀਂ ਹੁਮਾ ਉਡਾਏ

ਕੌਣ ਇਸ਼ਕੇ ਦੀ ਖ਼ੂਨੀ ਮਿੱਟੀ 'ਚ

ਸੁਪਨਿਆਂ ਦੇ ਵੇ ਬੀਜ ਬੀਜੇ,

ਕੌਣ ਦਿਲ ਦੀ ਵੀਰਾਨ ਧਰਤੀ

ਤੇ ਰੁੱਖ ਮੰਧਾਰੀ ਦੀ ਕਲਮ ਲਾਏ

ਕੌਣ ਜ਼ਖ਼ਮਾਂ 'ਚੋਂ ਪੀਕ ਸਿੰਮਦੀ

ਤੇ ਧੂੜੇ ਹੱਥੀਂ ਵੇ ਆਪ ਮਿਰਚਾਂ,

ਕੌਣ ਜ਼ੁਲਫ਼ਾਂ ਦੇ ਮਹਿਕੇ ਲੱਛਿਆਂ

'ਚ ਹੂੰਝ ਰਾਹਵਾਂ ਦੀ ਖੇਹ ਮਿਲਾਏ

ਯਾਦ ਤੇਰੀ ਦੇ ਤਪਦੇ ਰਾਹੀਂ

ਮੈਂ ਔਸੀਆਂ ਪਾ ਪਾ ਉਮਰ ਹੈ ਗਾਲੀ

ਇਕ ਮੇਲ ਤੇਰੇ ਦੀ ਮੈਲੀ ਖਿੰਦੜੀ

ਵੇ ਘੋਲ ਕੱਲਰ ਮੈਂ ਨਿੱਤ ਹੰਗਾਲੀ

ਨਿੱਤ ਉਡੀਕਾਂ ਦੀ ਅੱਗ ਪੀ ਪੀ ਕੇ

ਦਿਲ ਦਾ ਪਿੱਤਾ ਮੈਂ ਸਾੜ ਲੀਤਾ,

ਮੈਂ ਆਪ ਆਪਣੀ ਖ਼ੁਸ਼ੀ ਦੇ ਚੰਬੇ ਦੀ

ਛਾਂਗ ਸੁੱਟੀ ਹੈ ਡਾਲੀ ਡਾਲੀ

ਤੇਲ ਹੁੰਦਿਆਂ ਵੀ ਮੇਰੀ ਮਹਿਫ਼ਲ ਦੇ

ਸਾਰੇ ਦੀਵੇ ਕਿਉਂ ਬੁਝ ਗਏ ਨੇ,

ਪਤਾ ਨਹੀਂ ਮਾਲੀ ਤੋਂ ਹਰ ਲਗਰ ਨੂੰ

ਕਿਉਂ ਸੁਹਣਾ ਲੱਗਦਾ ਹੈ ਅੱਜ ਅਯਾਲੀ ?

ਠਹਿਰ ਮੌਤੇ ਨੀ ਲੈ ਜਾ ਮੈਨੂੰ-

ਨਿਰਾਸ ਹੋ ਕੇ ਕਿਉਂ ਮੁੜ ਚੱਲੀ ਏਂ,

ਖਾਲੀ ਮੋੜਨ ਨੂੰ ਜੀ ਨਹੀਂ ਕਰਦਾ

ਜਦੋਂ ਦਰ 'ਤੇ ਆਇਆ ਕੋਈ ਸਵਾਲੀ

📝 ਸੋਧ ਲਈ ਭੇਜੋ