ਹੰਸਾਂ ਉੱਤੇ ਕਾਵਾਂ ਦੀ ਸਰਦਾਰੀ ਨੂੰ
ਰੋਕੋ ਜਗ 'ਤੇ ਖਿੱਲਰੀ ਏਸ ਬਿਮਾਰੀ ਨੂੰ
ਪੱਕ ਵੀ ਹੋਵੇ ਕੱਚੇ ਪਾਰ ਲੰਘਾਉਂਦੇ ਨਈਂ
ਪੁੱਛ ਲੈ ਜਾ ਗੁਜਰਾਤ ਦੀ ਇੱਕ ਘੁਮਿਆਰੀ ਨੂੰ
ਰਹਿੰਦਾ ਏ ਧੂੰਅ 'ਨ੍ਹੇਰ ਜਿਹਾ ਚਬਾਰੇ ਤੇ
ਸੱਜਣਾਂ ਕੀਤਾ ਬੰਦ ਜਦੋਂ ਦਾ ਬਾਰੀ ਨੂੰ
ਚੱਜ ਦੇ ਰੁੱਖ ਤੇ ਬੰਦਿਆਂ ਨੇ ਈ ਛੱਡਣੇ ਨਈਂ
ਲੇਖਾ ਐਵੇਂ ਲਈ ਫਿਰਨਾ ਏਂ ਆਰੀ ਨੂੰ
ਸੁਣਿਆ ਏ ਮੈਂ ਸੱਜਣ ਵੇਚਣ ਲੱਗ ਪਏ ਨੇ
ਲੋਕੀਂ ਕਾਰੋਬਾਰ ਬਣਾ ਕੇ ਯਾਰੀ ਨੂੰ
ਲੈਣਾ ਕੋਈ ਨਈਂ ਛੱਡਦਾ ਤਾਂ ਤੇ ਬੰਦਾ ਵੀ
ਮੋੜ ਰਿਹਾ ਏ ਇਕ ਇਕ ਸਾਹ ਉਧਾਰੀ ਨੂੰ
ਸੱਜਣ ਟੁਰ ਪਏ ਰੱਖ ਕੇ ਹੱਥ ਕਲੇਜੇ 'ਤੇ
ਦੂਰ ਖਲੋਤੇ ਤੱਕਦੇ ਰਹਿ ਗਏ ਲਾਰੀ ਨੂੰ
ਓੜਕ ‘ਸੰਧੂ’ ਉਹੀਓ ਕੁਝ ਵੀ ਛੱਡਦੇ ਨਈਂ
ਜਿੰਨ੍ਹਾਂ ਪਿੱਛੇ ਛੱਡੀਏ ਦੁਨੀਆ ਸਾਰੀ ਨੂੰ