ਹੱਕ ਦੇ ਦੀਵੇ ਬਾਲ਼ ਫ਼ਕੀਰਾ

ਹੱਕ ਦੇ ਦੀਵੇ ਬਾਲ਼ ਫ਼ਕੀਰਾ 

ਮੈਂ ਆਂ ਤੇਰੇ ਨਾਲ਼ ਫ਼ਕੀਰਾ

ਹਰ ਥਾਂ ਬੰਦੇ ਫਿਰ ਵੀ ਹਰ ਥਾਂ

ਬੰਦਿਆਂ ਦਾ ਕਾਲ ਫ਼ਕੀਰਾ

ਹਿੰਮਤ ਨੂੰ ਅਕੜਾਇਆਂ ਟੁੱਟਣੇ

ਜਿੰਨੇ ਵੀ ਨੇ ਜਾਲ਼ ਫ਼ਕੀਰਾ

ਰਜਵਾਂ ਕੰਮ ਨਾ ਰਜਵੀਂ ਖਾਵੇ

ਰੱਜਿਆਂ ਦੀ ਚਾਲ ਫ਼ਕੀਰਾ

ਤੂੰ-ਤੂੰ, ਮੈਂ-ਮੈਂ ਕਰ ਛੱਡਿਆ

ਲੋਕਾਂ ਦਾ ਕੀ ਹਾਲ ਫ਼ਕੀਰਾ

ਦਿਨ ਦਿਨ ਕਰਕੇ ਦਿਨ ਆਵਣ ਵਿਚ

ਲੱਗ ਜਾਂਦੇ ਕਈ ਸਾਲ ਫ਼ਕੀਰਾ

ਸਭ ਕੁਝ ਲੱਭਦਾ ਜੇ ਕਰ ਲੈਂਦੇ 

ਇੱਕ ਦੂਜੇ ਨੂੰ ਭਾਲ਼ ਫ਼ਕੀਰਾ

ਤਰ ਗਏ ਜਿਨ੍ਹਾਂ ਡੁੱਬਣਾ ਤਰਨਾ 

ਭੁੱਲ ਕੇ ਮਾਰੀਂ ਛਾਲ ਫ਼ਕੀਰਾ

‘ਸੰਧੂ’ ਜਿਹੇ ਦਰਿਆਵਾਂ ਨੂੰ ਕਈ 

ਧੋਖਾ ਦੇ ਗਏ ਖਾਲ਼ ਫ਼ਕੀਰਾ

📝 ਸੋਧ ਲਈ ਭੇਜੋ