ਸੰਸਾਰ ਦੇ ਸੋਹਣੇ ਗੁਲਸ਼ਨ ਵਿੱਚ,
ਹੈ ਨੂਰ ਤੇ ਲਾਲੀ ਪ੍ਰੀਤਮ ਦੀ।
ਇਹ ਪੱਤਾ ਪੱਤਾ ਪ੍ਰੀਤਮ ਦਾ,
ਇਹ ਡਾਲੀ ਡਾਲੀ ਪ੍ਰੀਤਮ ਦੀ।
ਜੋ ਸੂਰਜ ਜਗਮਗ ਕਰਦਾ ਏ,
ਇਹ ਜੋਤ ਹੈ ਬਾਲੀ ਪ੍ਰੀਤਮ ਦੀ।
ਇਹ ਚੰਨ ਸਿਤਾਰੇ ਪ੍ਰੀਤਮ ਦੇ,
ਅੰਬਰ ਦੀ ਥਾਲੀ ਪ੍ਰੀਤਮ ਦੀ।
ਖੰਡਾਂ, ਬ੍ਰਹਿਮੰਡਾਂ, ਗਗਨਾਂ ਤੇ,
ਪਾਤਾਲ ਪਿਆਲੀ ਪ੍ਰੀਤਮ ਦੀ।
ਕਣ ਕਣ ‘ਚ ਵੱਸਦੈ ਦਿਸਦਾ ਨਹੀਂ,
ਹਰ ਬਾਤ ਨਿਰਾਲੀ ਪ੍ਰੀਤਮ ਦੀ ।
ਤਪ ਤਿਆਗ ਤਪੱਸਿਆ ਮਿਹਰਾਂ ਦਾ,
ਉਸੇ ਨੇ ਦਿੱਤਾ ਹਲੂਣਾ ਏ।
ਜੋ ਇਸ ਧੂਣੇ ਦੀ ਸ਼ਰਨ ਆਏ,
ਨਾ ਰਹਿੰਦਾ ਕਦੇ ਵੀ ਊਣਾ ਏ।
ਭਟਕੀ ਰੂਹ ਵੀ ਸ਼ਾਂਤ ਹੋ ਜਾਵੇ ਇੱਥੇ,
ਨਾ ਚਲਦਾ ਜਾਦੂ ਟੂਣਾ ਏ।
ਜੋ ਸੇਵਾ ਕਰਦੈ ਫਲ ਪਾਉਂਦਾ,
ਧਨ ਖਰਚੇ ਹੁੰਦਾ ਦੂਣਾ ਏ।
ਨੌਂ ਸਿੱਧਾਂ ਇਹਦੇ ਦਰ ਖੜ੍ਹੀਆਂ,
ਹਰ ਸਿੱਧ ਸੁਆਲੀ ਪ੍ਰੀਤਮ ਦੀ।
ਇਥੇ ਧੜਕਣ ਮਿਲਦੀ ਜ਼ਿੰਦਗੀ ਨੂੰ,
ਹੈ ਬਾਤ ਨਿਰਾਲੀ ਪ੍ਰੀਤਮ ਦੀ।
ਸਾਗਰ ਦੀਆਂ ਸ਼ੋਖ ਤਰੰਗਾਂ ਤੇ,
ਵਸਦਾ ਹੈ ਜਲਵਾ ਪ੍ਰੀਤਮ ਦਾ।
ਬੁਲਬੁਲਿਆਂ ਦੀਆਂ ਬੁਲ੍ਹੀਆਂ ਤੇ,
ਸਦਾ ਹਸਦਾ ਜਲਵਾ ਪ੍ਰੀਤਮ ਦਾ ।
ਭੰਵਰਾਂ ਦਿਆਂ ਘੁੰਮਣ ਘੇਰਾਂ ਵਿੱਚ,
ਨਹੀਂ ਫਸਦਾ ਜਲਵਾ ਪ੍ਰੀਤਮ ਦਾ ।
"ਤੂਫਾਨ" ਜੇ ਬੇੜਾ ਘੇਰ ਲਏ,
ਦਿਸਦਾ ਹੈ ਜਲਵਾ ਪ੍ਰੀਤਮ ਦਾ ।
ਬੇਕਸ ਮਜਬੂਰ ਬੇਆਸਾਂ ਨੂੰ,
ਲਭਦੀ ਹਰਿਆਲੀ ਪ੍ਰੀਤਮ ਦੀ ।
ਸਿਮਰਨ ਕਰ ਪ੍ਰੀਤਮ ਪਿਆਰੇ ਦਾ,
ਹੈ ਬਾਤ ਨਿਰਾਲੀ ਪ੍ਰੀਤਮ ਦੀ ।