ਹਰ ਦੌਰ ਸਿਰਜਦਾ ਹੈ ਨਵੇਂ ਸਾਜ਼ ਸੰਦ ਹੋਰ,
ਘੜੀਏ ਨਾ ਕਿਉਂ ਅਸੀਂ ਵੀ ਹੁਣ ਤੁਕਾਂਤ ਛੰਦ ਹੋਰ।
ਹਾੜਾ ਈ ਡੁੱਬਦੇ ਤਾਰਿਉ ਸੰਘਰਣੇ ਹਨ੍ਹੇਰੇ ਦਾ
ਮੰਗੀਏ ਅਕਾਸ਼ ਤੋਂ ਕੋਈ ਸੂਰਜ ਤੇ ਚੰਦ ਹੋਰ।
ਸਾਗਰ 'ਚ ਡੁੱਬੀ ਲਾਸ਼ ਨੂੰ ਕਿਉਂ ਸੀਸ ਨਾ ਨਿਵੇਂ
ਚਾਹੀ ਸੀ ਉਸ ਨੇ ਅਰਸ਼ ’ਤੇ ਪਾਉਣੀ ਕੁਮੰਦ ਹੋਰ।
ਤੂੰ ਸਿਮਟਣਾ ਨਹੀਂ ਸੀ ਨਾ ਮੈਂ ਹੀ ਸੀ ਬਿਖਰਨਾ
ਤੇਰਾ ਦੁਵੰਦ ਹੋਰ ਸੀ ਮੇਰਾ ਦੁਵੰਦ ਹੋਰ।
ਹਾਂ ਠੀਕ ਤੇਰੇ ਨਾਲ ਵੀ ਉਸ ਗੱਲ ਨਹੀਂ ਰਹੀ
ਹਾਲੇ ਵੀ ਤੇਰੇ ਬਾਝ ਨਾ ਕੋਈ ਪਸੰਦ ਹੋਰ।
ਸਾਨੂੰ ਨਾ ਸੁਟ ਹੋਰ ਹੁਣ ਡੂੰਘੇ ਪਤਾਲ ਵਿਚ
ਤੇਰਾ ਖ਼ੁਦਾ ਕਰੇ ਬਹੁਤ ਰੁਤਬਾ ਬਲੰਦ ਹੋਰ।
ਤਾਣੀ ਵਿਚ ਰਿਸ਼ਤਿਆਂ ਦੀ ਜੇ ਸੁਲਝੇ ਤਾਂ ਕਿਸ ਤਰ੍ਹਾਂ
ਲੱਗਦਾ, ਅਜੇ ਤਾਂ ਉਲਝਣੇ ਟੁੱਟਣੇ ਨੇ ਤੰਦ ਹੋਰ।
ਪੁੱਛਦੀ ਲਹੂ ਲੁਹਾਣ ਹੋ ਧਰਤੀ ਪੰਜਾਬ ਦੀ
ਕੱਟੋਂਗੇ ਕਦ ਕੁ ਤੀਕ ਮੇਰਾ ਬੰਦ ਬੰਦ ਹੋਰ।
ਪਾਇਆ ਦਿਨੇ ਹਨ੍ਹੇਰ ਹੈ ਮੱਸਿਆ ਦੀ ਰਾਤ ਦਾ
ਹੁਣ ਇਸ ਤੋਂ ਵੱਧ ਕੀ ਤੁਸੀਂ ਚਾੜ੍ਹੋਂਗੇ ਚੰਦ ਹੋਰ।
ਇਸ ਚੁੱਪ ਦਾ ਕੋਈ ਹੋਰ ਵੀ ਮਤਲਬ ਨਾ ਲੈ ਲਿਉ
ਰਖਣੀ ਨਾ ਹੁਣ ਮੈਂ ਇਸ ਤਰ੍ਹਾਂ ਜ਼ੁਬਾਨ ਬੰਦ ਹੋਰ।
ਕੀਤੀ ਹੈ ਬੰਦਗੀ ਬਹੁਤ ਪੀਤੀ ਸ਼ਰਾਬ ਵੀ
ਉਸ ਦਾ ਅਨੰਦ ਹੋਰ ਹੈ ਇਸ ਦਾ ਅਨੰਦ ਹੋਰ।