ਜਿਸ ਦਮ ਤੂੰ ਆਉਂਦੀ ਹੈਂ ਪਿਆਰੀ
ਮੇਰੀ ਦੁਨੀਆਂ ਲੁਕ ਜਾਂਦੀ ਹੈ
ਤੇਰੇ ਸਾਹਵੇਂ ਕੱਜਣ ਹੀਣੀ
ਮੇਰੀ ਦੁਨੀਆਂ ਸ਼ਰਮਾਂਦੀ ਹੈ
ਤਾਸ਼ ਦੇ ਹਰ ਪੱਤੇ ਨੂੰ ਲਾਜ
ਜੀਕਣ ਹਰ ਪੱਤਾ ਹੈ ਬੇਗਮ
ਜਾਮ ਮਰ ਚੁੱਕੇ ਨੂੰ ਪਛਤਾਵਾਂ
ਮੇਰੀ ਗੰਧ ਅਜੇ ਜਿਊਂਦੀ ਹੈ !
ਨੰਗ ਮੁਨੰਗੇ ਬੋਲ ਚੁੱਪ ਦੀ ਚਾਦਰ ਹੇਠਾਂ ਸੌਂ ਜਾਂਦੇ ਨੇ
ਮੇਰਾ ਹਰ ਬੇਲੀ ਸ਼ਰਮਿੰਦਾ
ਹਰ ਪੁਰਖੇ ਚੋਂ ਨਾਰ ਨਿਕਲ ਆਂਦੀ ਹੈ
ਜਿਸ ਦਮ ਤੂੰ ਆਉਂਦੀ ਹੈਂ ਪਿਆਰੀ
ਮੇਰੀ ਦੁਨੀਆਂ ਸ਼ਰਮਾਂਦੀ ਹੈ
ਨੰਗ ਸਮਝਦੀ ਹੈ ਨਾਰੀ ਦਾ ਨਾਰੀ
ਦੀਵੇ ਬੁਝ ਜਾਂਦੇ ਨੇ
ਅੰਗ ਸਹੇਲੀ ਵਾਂਗੂ ਹੋ ਕੇ ਨੇੜੇ
ਮੌਨ-ਕਥਾ ਵਿਚ ਰੁਝ ਜਾਂਦੇ ਨੇ
ਪਰ ਮੇਰਾ ਮਨ ਬੇਧਰਵਾਸਾ,
ਆਖਾਂ : ਪਿਆਰੀ, ਪਿਆਰੀ, ਪਿਆਰੀ
ਭੀੜ ਭਰੀ ਦੁਨੀਆਂ ਵਿਚ ਤੇਰੇ ਬਾਝੋਂ
ਮੈਂ ਤਾਂ ਮਹਾਂ ਅਸੰਗੀ
ਆਖਾਂ, ਆਖਣ ਬਾਝੋਂ ਦਿਲ ਦੀ ਦੁਨੀਆਂ
ਮਤ ਹੋ ਜਾਵੇ ਨੰਗੀ
ਪਰ ਘਬਰਾਵਾਂ
ਬੋਲ ਹਵਾ ਵਿਚ ਉਡਦੇ ਜੀਕਣ ਉਡਦੇ ਬਸਤਰ ਮੇਰੇ
ਹਮਸਾਏ ਤਕ ਪਹੁੰਚ ਜਾਣਗੇ
ਮੇਰੀ ਬੋਲਤ ਵੀ ਬੇਪਰਦਾ
ਮੇਰੀ ਅਣਬੋਲਤ ਵੀ ਨੰਗੀ
ਸੋਚ ਸੋਚ ਕੇ ਮੇਰੀ ਸ਼ੁਹਰਤ ਦਰਮਾਂਦੀ ਹੈ
ਜਿਸ ਦਮ ਤੂੰ ਆਉਂਦੀ ਹੈਂ ਪਿਆਰੀ
ਮੇਰੀ ਦੁਨੀਆਂ ਸ਼ਰਮਾਂਦੀ ਹੈ