ਹਰ ਸ਼ੈ ਪੀਲੀ ਪੀਲੀ ਜਾਪੇ

ਹਰ ਸ਼ੈ ਪੀਲੀ ਪੀਲੀ ਜਾਪੇ, ਸੋਕੇ ਪਈ ਹਰਿਆਲੀ

ਦੁੱਖਾਂ ਵਾਲਾ ਪੰਧ ਨਈਂ ਮੁੱਕਿਆ, ਜਿੰਦੜੀ ਮੁੱਕਣ ਵਾਲੀ

ਤੇਰੇ ਸ਼ਹਿਰ 'ਚ ਚੱਲ ਨਹੀਂ ਸਕਨਾ, ਮੇਰੇ ਸੱਚ ਦੇ ਸਿੱਕੇ ਨੇ,

ਏਥੇ ਸਿੱਕਾ ਉਹ ਚਲਦਾ ਏ, ਝੂਠ ਜੀਹਦੀ ਕੁਠਿਆਲੀ

ਨਾ ਮੈਂ ਤੇਰੇ ਖ਼ੌਫ਼ ਦਾ ਕੈਦੀ, ਨਾ ਤੂੰ ਮੇਰਾ ਮੋਹਸਨ ਏ,

ਤੇਰੇ ਕੋਲੋਂ ਮੈਂ ਡਰਨਾ ਵਾਂ, ਤੇਰੀ ਖ਼ਾਮ-ਖ਼ਿਆਲੀ

ਪਹਿਲੇ ਵਰਗੀ ਯਾਰੀ ਕਿੱਥੇ, ਗ਼ਰਜ਼ਾਂ ਦੇ ਇਸ ਦੌਰ ਦੇ ਵਿਚ,

ਵੇਲੇ ਸਿਰ ਜੋ ਕੰਮ ਜਾਵੇ, ਬਸ ਉਹ ਯਾਰ ਮਿਸ਼ਾਲੀ

ਉਮਰ ਕਿਤਾਬ ਦੇ ਬਾਕੀ ਵਰਕੇ, ਇਕ ਇਕ ਥਾਂ ਤੋਂ ਭਰ ਗਏ ਨੇ,

ਸਿਰਫ਼ ਖ਼ਲੂਸ ਵਫ਼ਾ ਦਾ ਵਰਕਾ, ਹਰ ਇਕ ਥਾਂ ਤੋਂ ਖ਼ਾਲੀ

ਏਸੇ ਤੋਂ ਅੰਦਾਜ਼ਾ ਲਾ ਲੈ, ਆਪਣੇ ਸ਼ਾਤਰ-ਪਣ ਦਾ ਤੂੰ,

ਮੇਰਾ ਸੱਜਣ ਬਣ ਕੇ ਵੀ ਤੂੰ ਮੇਰੀ ਪੱਗ ਉਛਾਲੀ

ਪਰ੍ਹਿਆ ਦਾ ਪਰਧਾਨ 'ਸਲੀਮ' ਉਹ ਬਣਿਆ ਰਬ ਖ਼ੈਰ ਕਰੇ,

ਜੋ ਇਨਸਾਫ਼ ਨਾ ਉੱਕਾ ਜਾਣੇ, ਜੋ ਅਹਿਸਾਸ ਤੋਂ ਖ਼ਾਲੀ

📝 ਸੋਧ ਲਈ ਭੇਜੋ