ਹਰਫ਼ ਦਸਤਕ ਦੇ ਰਹੇ ਹਨ

ਬੂਹੇ ਤੇ

ਸਤਰਾਂ ਤੁਰੀਆਂ ਫਿਰਦੀਆਂ ਹਨ

ਦਰਾਂ ਤੇ

ਹਿੱਕ 'ਚ ਹਾਉਕੇ ਨੇ ਵਿਲਕਦੀ ਮਾਂ ਦੇ

ਭੈਣਾਂ ਕਿੰਜ ਦੱਸਣ ਚਾਅ ਵੀਰਾਂ ਨੂੰ

ਸੁਪਨਿਆਂ 'ਚ ਦੇਖੇ

ਬੁੱਲ੍ਹ ਹਨ ਕਿ ਕੁਝ ਬੋਲਦੇ ਹੀ ਨਹੀਂ

ਡਰੇ ਹੋਏ ਲੋਕਾਂ ਦੀ ਵਾਰਤਾ

ਕਿੰਜ ਕਹਿਣ ਹਾਕਮ 'ਤੋਂ ਸਹਿਮੇ ਪਲ

ਸਫ਼ੇ ਵੀ ਉਡੀਕ ਰਹੇ ਹਨ

ਕਿ ਕਿੱਦਾਂ ਦੀ ਹੁੰਦੀ ਹੈ ਨਜ਼ਮ

ਭੁੱਖੇ ਲੋਕਾਂ ਦੀਆਂ ਗੱਲਾਂ ਸੁਣਾਂਗੇ

ਟੁੱਕ ਦੀ ਬਾਤ ਪਵੇਗੀ

ਕਿਵੇਂ ਲਿਖੇਗੀ ਸ਼ਾਇਰ ਦੀ ਕਲਮ

ਪਿਆਸੀਆਂ ਨਦੀਆਂ ਦੀ ਕਹਾਣੀ

ਕੱਚੇ ਘੜਿਆਂ ਨੂੰ

ਕਿੰਜ ਪੁੱਛੇਗਾ ਕਿ ਕਿੱਦਾਂ ਤਰੀ ਦਾ

ਇਸ਼ਕ ਨੂੰ ਕਿੰਜ ਸਵਾਲ ਕਰੇਂਗਾ

ਕਿ ਕਿੰਜ ਡੁੱਬ ਮਰੀ ਦਾ

ਕਿਵੇਂ ਲਿਖ ਲਈਦਾ ਨਾਂ ਤੇਗ ਦੀ ਧਾਰ 'ਤੇ

ਕਿੰਜ ਜੰਗ ਲੜ੍ਹੀਦੇ ਨੇ 'ਕੱਲੇ ਧੜਾਂ ਨਾਲ

ਤੇਰਾ ਵੀ ਨਾਂ ਲਿਖਾਂ

ਤਗ਼ਮਿਆਂ ਤੋਂ ਜਰਾ ਉਤਾਂਹ ਲਿਖਾਂ

ਕਿਸੇ ਗੋਲੀ ਲਈ ਵੀ ਛਾਂ ਲਿਖਾਂ

ਬੰਨ੍ਹੀਆਂ ਬਾਹਾਂ ਪਿਛਾਂਹ ਲਿਖਾਂ

ਲਾਸ਼ ਨਹਿਰ ਦੇ ਨਾਂ ਲਿਖਾਂ

ਹੇਠਾਂ ਬੇਗ਼ੁਨਾਹ ਲਿਖਾਂ

📝 ਸੋਧ ਲਈ ਭੇਜੋ