ਹਰਫ਼ਾਂ ਨੂੰ ਇਸਤਿਆਰੇ

ਹਰਫ਼ਾਂ ਨੂੰ ਇਸਤਿਆਰੇ ਲਿਖ।

ਦੁਸ਼ਮਨ ਨੂੰ ਵੀ ਪਿਆਰੇ ਲਿਖ।

ਰਾਤਾਂ ਦੇ ਕਾਲੇ ਸਫਿਆਂ 'ਤੇ

ਹਰਫ ਸੁਨਹਿਰੀ ਤਾਰੇ ਲਿਖ।

ਜੋ ਸੂਰਜ ਨੂੰ ਰਾਤ ਕਹੇ

ਉਸ ਜ਼ਾਲਮ ਦੇ ਬਾਰੇ ਲਿਖ।

ਆਤਿਸ਼ ਨੂੰ ਲਿਖ ਆਤਸ਼ਬਾਜ਼ੀ

ਸ਼ਬਨਮ ਨੂੰ ਅੰਗਾਰੇ ਲਿਖ।

ਹਰਿਆਂ ਬਾਗਾਂ ਦੀ ਨਾ ਪੁੱਛ

ਮਾਲੀ ਲੱਕੜਹਾਰੇ ਲਿਖ

ਪਿਆਸੀ ਧਰਤੀ ਨੂੰ ਛੱਡ ਰਹੇ 

ਉਹ ਬੱਦਲ ਸਨ ਖਾਰੇ ਲਿਖ

ਤਿਤਲੀ ਸੂਲਾਂ ਨਾਲ ਪਰੋ 

ਫੁੱਲਾਂ ਉਤੇ ਨਾਅਰੇ ਲਿਖ

ਦੁਨੀਆਂ ਤੇ ਦੁਨੀਆਂ ਦੇ ਲੋਕ 

ਦਰਿਆ, ਮੌਜ ਕਿਨਾਰੇ ਲਿਖ

ਤੇਰੇ ਮੇਰੇ ਘਰ ਜੋ ਆਉਂਦੇ 

ਉਹ ਪੰਛੀ ਹਰਕਾਰੇ ਲਿਖ।

📝 ਸੋਧ ਲਈ ਭੇਜੋ