ਹਰਫ਼ਾਂ ਹੱਥ ਕਟਾਰਾਂ ਦੇਕੇ

ਹਰਫ਼ਾਂ ਹੱਥ ਕਟਾਰਾਂ ਦੇਕੇ, ਘੱਲਾਂ ਹੋਰ ਜ਼ਮੀਨਾਂ ਤੇ ।

ਹੁਣ ਨਹੀਂ ਲੱਭਦੇ ਪੈਲਾਂ ਪਾਉਂਦੇ ਰੰਗਲੇ ਮੋਰ ਜ਼ਮੀਨਾਂ ਤੇ ।

ਚੱਲ ਦਿਲਾ ਕੋਈ ਅੰਬਰ ਮੱਲੀਏ, ਬਚੀਏ ਖ਼ੂਨੀ ਲਹਿਰਾਂ ਤੋਂ,

ਕਾਹਨੂੰ ਕੁੰਢੀਆਂ ਵਾਂਗੂੰ ਬੈਠੇਂ, ਜੀਵਨ ਖ਼ੋਰ ਜ਼ਮੀਨਾਂ ਤੇ ।

ਸਾਡੇ ਵਰਗੇ ਮਾੜੇ-ਧੀੜੇ ਬੰਦੇ ਏਥੇ ਈ ਵੱਸਣਗੇ,

ਏਥੇ ਜੀਣਾ, ਏਥੇ ਮਰਨਾ, ਰਹਿਣੀ ਗੋਰ ਜ਼ਮੀਨਾਂ ਤੇ ।

ਅੱਖ ਦੇ ਸ਼ੀਸ਼ੇ ਵਿੱਚੋਂ ਜਦ ਵੀ, ਪਿਆਰ ਸਵੇਰੇ ਫੁੱਟਣਗੇ,

ਥਾਂ-ਥਾਂ ਉੱਤੇ ਜਾਂਦੀ ਦੇਖੀਂ ਫਿਰ ਲਿਸ਼ਕੋਰ ਜ਼ਮੀਨਾਂ ਤੇ ।

ਬੱਚਾ-ਬੱਚਾ ਕੁਸਦਾ ਰਹਿੰਦਾ, ਚੁੱਲੇ ਤਰਸਣ ਧੂਏਂ ਨੂੰ,

ਉਹਦਾ ਭਰੇ ਭੜੋਲਾ ਜੋ ਨਾ ਲਾਵੇ ਜ਼ੋਰ ਜ਼ਮੀਨਾਂ ਤੇ ।

ਇਕ ਦੂਜੇ ਵਿਚ ਘਿਉ-ਖੰਡ ਹੋਈਏ, ਤੇ ਅੰਬਰ ਦੇ ਵਾਸੀ ਵੀ,

ਅਸਮਾਨਾਂ ਤੋਂ ਲਹਿ ਕੇ ਦੇਖਣ, ਸਾਡੀ ਟੋ੍ਹਰ ਜ਼ਮੀਨਾਂ ਤੇ ।

ਹਰ ਕੋਈ ਬੰਦਾ ਹੁਣ ਤੇ ਚਾਹਵੇ, ਸਿਰ ਤੇ ਅੰਬਰ ਤਾਣਾਂ ਮੈਂ,

ਐਨੇ ਆਪਣੇ ਪੈਰ ਪਸਾਰੇ, ਬਣ ਗਏ ਚੋਰ ਜ਼ਮੀਨਾਂ ਤੇ ।

ਸਾਂਵਲ ਸੋਚਾਂ ਖਿੜਦੀਆਂ ਰਹੀਆਂ ਨਾਲ'ਮਲੂਕ' ਬਹਾਰਾਂ ਦੇ,

ਤਾਹੀਉਂ ਰੋਜ਼ ਮਚਲਦਾ ਰਹਿੰਦਾ, ਮਨ ਦਾ ਮੋਰ ਜ਼ਮੀਨਾਂ ਤੇ ।

📝 ਸੋਧ ਲਈ ਭੇਜੋ