ਹਾੜ੍ਹ ਦਾ ਅਸਮਾਨ

ਹਾੜ੍ਹ ਦਾ ਅਸਮਾਨ ਬਲ ਰਿਹੈ,

ਲਾਲ ਬੱਜਰੀ ਦੇ ਫ਼ਰਸ਼ ਵਾਂਗ

ਮੇਰਾ ਮੱਥਾ ਜਲ ਰਿਹੈ

ਭੁਖ ਦੁਨੀਆਂ ਦੀ ਸਭ ਤੋਂ ਵੱਡੀ ਸਚਾਈ ਹੈ :

ਧਰ੍ਰਤੀ ਦਾ ਤਨ

ਅਨ-ਗਿਣਤ ਮਣ

ਜੰਮਦਾ ਅੰਨ

ਫਿਰ ਵੀ ਅੰਨ ਦਾ ਨਵਾਂ ਬੱਚਾ

ਨਿੱਤ ਧਰਤੀ ਦੀ ਕੁੱਖੇ,

ਚੱਬ ਜਾਂਦੇ ਨੇ

ਚੂਸ਼ ਜਾਂਦੇ ਨੇ

ਚੁੰਘ ਜਂਦੇ ਨੇ

ਅਜ਼ਲਾਂ ਦੇ ਭੁੱਖੇ

ਅੰਨ ਦੇ ਅੰਬਾਰ

ਤਨ ਦੇ ਅੰਦਰ ਲਹੀ ਜਾਂਦੇ

"ਬਹੁਤਾ ਅਨਾਜ ਬੀਜੋ"

ਫਿਰ ਵੀ ਇਹ ਕਹੀ ਜਾਂਦੇ

ਚੌਲਾਂ ਦੇ ਹੁਦਾਰ

ਫਿਰ ਵੀ ਕਿਸੇ ਗਵਾਂਢੀ -

ਮੁਲਕ ਤੋਂ ਲਈ ਜਾਂਦੇ

ਮਾਸ ਦੀ ਸੁਗੰਧ

ਨਿਤ ਲੈਂਦੀ ਅੰਨ ਤੋਂ ਖ਼ੁਸ਼ਬੂ

ਸੰਗ ਮਰਮਰੀ ਅੰਗਾਂ ਦਾ ਉਭਾਰ

ਯਾਕੂਤ ਬੁੱਲ੍ਹਾਂ ਦਾ ਲਾਲ ਲਹੂ

ਧੁਆਂਖਿਆ ਜਾਏ ਹੁਸਨ

ਅੰਨ ਦੇ ਭੋਰੇ ਬਿਨਾਂ

ਸੌਂਦਰ੍ਯ ਦਾ ਰਗ਼ੋ ਰੇਸ਼ਾ

ਇਕ ਅੰਨ ਤੇ ਤਾਂ ਪਲ ਰਿਹੈ

ਪੂਰੀ ਗਲ ਤਾਂ ਕਹਿ ਨਹੀਂ ਸਕਦੀ

ਸੱਭ੍ਯਤਾ ਦਾ ਜੁਗ

ਚਹੁੰ ਪਾਸਿਆਂ ਤੋਂ ਵਲ ਰਿਹੈ

ਪਰ ਉਹ ਜੋ ਕੰਬਖ਼ਤ ਆਤਮਾ

ਇਕ ਜੋਤੀ ਸਰੂਪ ਹੈ

ਕੌਣ ਆਖੇ ਕਿ ਉਸਦਾ ਵੀ ਕੋਈ ਅੰਨ ਹੁੰਦਾ ਹੈ !

ਇਹ ਇਕ ਤੱਤਾ ਜਿਹਾ

ਖ਼ਿਆਲ ਚੱਲ ਰਿਹੈ

ਹਾੜ੍ਹ ਦਾ ਅਸਮਾਨ ਬਲ ਰਿਹੈ,

ਲਾਲ ਬੱਜਰੀ ਦੇ ਫ਼ਰਸ਼ ਵਾਂਗ

ਮੇਰਾ ਮੱਥਾ ਜਲ ਰਿਹੈ

📝 ਸੋਧ ਲਈ ਭੇਜੋ