ਤਾਤੀ ਵਾਓ ਤੋਂ
ਬਚਣ ਲਈ
ਮਨੁੱਖਾਂ ਨੂੰ
ਖ਼ੁਸ਼ਕ ਦੁੱਖਾਂ ਤੋਂ
ਬਚਣ ਲਈ
ਸਾਵੇ ਰੁੱਖਾਂ ਦੀ
ਹਰੀ-ਰਾਮਕਾਰ ਬਣਾਉਣੀ ਪੈਣੀ ਹੈ
ਪਿੰਡ ਪਿੰਡ ਹਰੀ-ਦੀਪਮਾਲਾ
ਕਰਨੀ ਕਰਾਉਣੀ ਪੈਣੀ ਹੈ।
ਸਿਰਫ਼ ਦੁੱਖ ਭੰਜਨੀ ਬੇਰੀ ਹੀ ਨਹੀ
ਹਰ ਰੁੱਖ ਹੀ ਦੁੱਖ ਭੰਜਨ ਹੁੰਦਾ ਹੈ
ਧਰਤ ਤੇ ਖ਼ੁਸ਼ਕ ਦੁੱਖਾਂ ਦਾ ਭਾਰ ਘਟਾਉਣ ਲਈ
ਪਵਨ ਗੁਰੂ ਪਾਣੀ ਪਿਤਾ ਨੂੰ ਬਚਾਉਣ
ਤੇ ਪਾਵਨ ਬਣਾਉਣ ਲਈ
ਹੁਣ
ਨੌਂ ਖੰਡ ਪ੍ਰਿਥਵੀ
ਮਾਤਾ ਧਰਤ ਮਹੱਤ 'ਤੇ
ਦੁੱਖ ਭੰਜਨੀਆਂ ਬੇਰੀਆਂ
ਦੁੱਖ ਭੰਜਨ ਰੁੱਖ ਲਾਓਣ ਦੀ ਲੋੜ ਹੈ
ਧਰਤ ਦੀ ਪਰਤ ਤੇ ਹਰੀ ਰਾਮਕਾਰ
ਬਣਾਉਣ ਦੀ ਲੋੜ ਹੈ
ਜੋ
ਅਰਸ਼ ਦੀ ਓਜੋਨ-ਰਾਮਕਾਰ ਵੀ ਬਚਾਵੇਗੀ
ਤੇ ਸਗਲ ਜੀਆ ਜੰਤ ਨੂੰ
ਤਾਤੀ ਵਾਓ ਤੋਂ ਬਚਾਉਣ ਵਾਲੀ
ਰਾਮਕਾਰ ਵੀ ਬਣ ਜਾਵੇਗੀ
ਇਹ ਹਰੀ ਰਾਮਕਰ …।