ਹਾਰੀਆਂ ਹੋਈਆਂ ਸੋਚਾਂ ਨੂੰ ਕਿਉਂ

ਹਾਰੀਆਂ ਹੋਈਆਂ ਸੋਚਾਂ ਨੂੰ ਕਿਉਂ, ਮੁੜ ਮੁੜ ਪਿਆ ਅਜ਼ਮਾਉਂਦਾ ਏਂ

ਜ਼ਾਲਿਮ ਖ਼ਾਤਰ ਜ਼ਾਲਿਮ ਬਣ ਜਾ, ਜੇ ਕਰ ਬਚਣਾ ਚਾਹੁੰਦਾ ਏਂ

ਇੱਕ ਦਿਨ ਤੈਨੂੰ ਡੋਬ ਦੇਣਾ ਏ, ਤੇਰੀ ਇਸ ਹਮਦਰਦੀ ਨੇ,

ਮੈਂ ਸੁਣਿਐਂ ਤੂੰ ਸੱਪਾਂ ਨੂੰ ਵੀ, ਅੱਜ-ਕੱਲ੍ਹ ਦੁੱਧ ਪਿਲਾਉਂਦਾ ਏਂ

ਅਪਣੇ ਵੱਲੋਂ ਦੇਖ ਲੈ ਹਰ ਇੱਕ, ਇੰਜ ਹੀ ਅੱਖੀਆਂ ਭਰਿਆ ਏ,

ਝੱਲਿਆ ਸੱਜਣਾ ! ਸੱਜਣਾਂ ਨੂੰ ਤੂੰ, ਕਾਹਨੂੰ ਪਿਆ ਅਜ਼ਮਾਉਂਦਾ ਏਂ

ਲੁੱਕਣ-ਮੀਟੀ ਦੇ ਵਿੱਚ ਲੁੱਕੇ, ਸੱਜਣ ਲੱਭਣਾਂ ਚਾਹੁੰਨਾਂ ਵਾਂ,

ਛੇਤੀ ਚੜ੍ਹ ਪਉ ਸੋਹਣਿਆਂ ਚੰਨਾਂ ! ਚੜ੍ਹਦਾ ਕਿਉਂ ਸ਼ਰਮਾਉਂਦਾ ਏਂ ?

ਤੇਰੀ ਆਸ ਭੜੋਲੀ ਇਸ ਲਈ ਦਾਣਿਆਂ ਨਾਲ ਭਰੇਂਦੀ ਨਹੀਂ,

ਵੱਤਰ ਆਈ ਭੋਇੰ ਵੀ ਤੂੰ ਵੇਲੇ ਸਿਰ ਨਾ ਵਾਹੁੰਦਾ ਏਂ

ਹੋਰ ਘੜੀ ਨੂੰ ਚੰਨ ਚੜ੍ਹਿਆ ਤੇ, ਨ੍ਹੇਰਾ ਉੱਡ-ਪੁਡ ਜਾਣਾ ਏਂ,

ਐਡਾ ਔਖਾ ਪੈਂਡਾ ਨਹੀਂ, ਤੂੰ ਜਿੰਨਾਂ ਪਿਆ ਘਬਰਾਉਂਦਾ ਏਂ

ਯਾ 'ਸਲੀਮ' ਤੂੰ ਡਰਿਆ ਹੋਇਐਂ, ਯਾ ਤੂੰ ਅੰਦਰੋਂ ਮੁੱਕਿਆ ਏਂ,

ਕੋਈ ਤੇ ਗੱਲ ਹੈ ਨਾ ਜਿਹੜੀ ਮੈਥੋਂ ਯਾਰ, ਲੁਕਾਉਂਦਾ ਏਂ

📝 ਸੋਧ ਲਈ ਭੇਜੋ