ਆਪਣੀ ਹੀ ਨਜ਼ਰ ਵਿਚ ਹੋਇਆ ਜ਼ਲੀਲ,
ਤੇਰੇ ਉੱਤੇ ਤਾਂ ਗਿਲੇ ਦੀ ਗੱਲ ਕੀ,
ਕਿਸ ਨੂੰ ਦੱਸਾਂ ਦਿਲ 'ਤੇ ਲੱਗਾ ਸੱਲ ਕੀ,
ਬਨ੍ਹਦੀ ਢਾਰਸ ਨਹੀਂ ਕੋਈ ਦਲੀਲ।
ਚਾਅ ਬਹੁਤ ਸੀ ਆਪ ਸੀ ਤੂੰ ਸੱਦਿਆ,
ਪਹੁੰਚਿਆ ਤਾਂ ਦੇਖਿਆ ਅੱਗੋਂ ਰਕੀਬ,
ਬੇਤਕਲੱਫ਼ ਢੁੱਕ ਢੁੱਕ ਬਹਿੰਦਾ ਕਰੀਬ,
ਮੈਂ ਕੋਈ ਵਾਧੂ ਜਹੀ ਸ਼ੈ ਲੱਗਿਆ।
ਢੀਠ ਹੋ ਕੇ ਕੁਝ ਪਲ ਬੈਠਾ ਰਿਹਾ,
ਫੇਰ ਚੁੱਕ ਲੀਤਾ ਜਿਸਮ ਆਪਣੇ ਦਾ ਭਾਰ,
ਪਰ ਨਹੀਂ ਸੀ ਤੂੰ ਰਤਾ ਵੀ ਸ਼ਰਮਸਾਰ,
ਬਾਹਰ ਬੂਹੇ ਕੋਲ ਆ ਕੇ ਜਦ ਕਿਹਾ-
“ਕੀ ਕਰੇ ਕੋਈ ਏਹੋ ਜਹੇ ਇਨਸਾਨ ਦਾ
ਖ਼ਬਰੇ ਕੀ ਆਇਆ ਏ ਦਿਲ ਵਿਚ ਧਾਰ ਕੇ,
ਬਹਿ ਗਿਆ ਏਦਾਂ ਪਲੱਥਾ ਮਾਰ ਕੇ,
ਨਾ ਹੀ ਲੈਂਦਾ ਨਹੀਉਂ ਉੱਠ ਕੇ ਜਾਣ ਦਾ।”
ਭੱਜਿਆ ਭਾਂਡਾ ਮੇਰੇ ਵਿਸ਼ਵਾਸ ਦਾ,
ਤੇ ਕਮੀਨੇ ਜਜ਼ਬਿਆਂ ਦਾ ਜ਼ੋਰ ਹੈ,
ਖੌਲਦਾ ਸੀਨੇ 'ਚ ਵਹਿਸ਼ੀ ਸ਼ੋਰ ਹੈ,
ਮੂੰਹ ਨਹੀਂ ਦਿਸਦਾ ਕਿਸੇ ਧਰਵਾਸ ਦਾ।
ਦਿਲ ਹੈ ਹੁਣ ਤੈਨੂੰ ਸਤੌਣਾ ਲੋਚਦਾ,
ਇਹ ਸ਼ਕਲ ਕੀ ਹੋ ਗਈ ਹੈ ਪਿਆਰ ਦੀ,
ਮੁੱਕ ਗਈ ਜੋ ਗੱਲ ਸੀ ਇਤਬਾਰ ਦੀ,
ਪਰਤਿਆਂ ਤੇਰੇ ਘਰੋਂ ਇਹ ਸੋਚਦਾ-
‘ਓਸ ਨੂੰ ਵੀ ਆਖਿਆ ਹੋਣਾ ਜ਼ਰੂਰ,
ਐਵੇਂ ਅਣ-ਸਦਿਆ ਕੁਵੇਲੇ ਆ ਗਿਆ,
ਪਿਆਰ ਵਿਚ ਦੋ ਪਲ ਵਿਘਨ ਜੇ ਪਾ ਗਿਆ,
ਆਪ ਸੋਚੋ ਮੇਰਾ ਇਸ ਵਿਚ ਕੀ ਕਸੂਰ,
ਓਸ ਨੂੰ ਵੀ ਆਖਿਆ ਹੋਣਾ ਜ਼ਰੂਰ।'