ਪ੍ਰਭ ਜੀ ਬਾਰ ਬਾਰ ਅਵਤਰੇ
ਹਰਨਾਖ਼ਸ਼ ਨਹੀਂ ਮਰੇ
ਹਰ ਦਿਹੁੰ ਅਪਣਾ ਮੰਦਰ ਸਾਜੇ
ਅਪਣਾ ਦਿਉਤਾ ਘੜੇ
ਅਗਲੇ ਦਿਹੁੰ ਪ੍ਰਹਿਲਾਦ ਪਧਾਰੇ
ਤੋੜ ਤਾੜ ਸਭ ਧਰੇ
ਨਵੇਂ ਬ੍ਰਹਮ ਨੂੰ ਨਵੀਂ ਕਲਪਨਾ
ਨਵੀਂ ਬੰਦਨਾ ਕਰੇ
ਹਰਨਾਖ਼ਸ਼ ਨਹੀਂ ਮਰੇ
ਸਰਘੀ ਦਾ ਪ੍ਰਹਿਲਾਦ ਸੰਝ ਨੂੰ
ਹਰਨਾਖ਼ਸ਼ ਬਣ ਜਾਵੇ
ਸੰਝ ਨਜ਼ਰ ਨੂੰ ਰੂਪ ਫ਼ਜਰ ਦਾ
ਜੁਗ ਮੈਲਾ ਦਿਸ ਆਵੇ
ਅਪਣਾ ਹੀ ਸਾਹ ਅਪਣੇ ਰਾਹ ਦੀ
ਮੂਲ ਨਾ ਹਾਮੀ ਭਰੇ
ਹਰਨਾਖ਼ਸ਼ ਨਹੀਂ ਮਰੇ
ਅਜ ਤਾਂ ਪਿਤਾ ਸੰਘਾਰਣ ਪ੍ਰਭ ਜੀ
ਪਾਸ ਮੇਰੇ ਤੁਰ ਆਏ
ਕਲ੍ਹ ਓੜਕ ਨੂੰ ਪਿਤਾ ਬਣਨਗੇ
ਮੇਰੇ ਅਪਣੇ ਜਾਏ
ਇਕ ਹੰਝੂ ਇਕ ਮੁਸਕਣ ਕਲ੍ਹ ਨੂੰ
ਇਹ ਜਨ ਅਰਪਣ ਕਰੇ
ਹਰਨਾਖ਼ਸ਼ ਨਹੀਂ ਮਰੇ
ਪ੍ਰਭ ਜੀ ਬਾਰ ਬਾਰ ਅਵਤਰੇ
ਹਰਨਾਖ਼ਸ਼ ਨਹੀਂ ਮਰੇ