ਹੱਸਦਾ ਵੱਸਦਾ ਕੱਚਾ ਵਿਹੜਾ ਰਾਠਾਂ ਨੂੰ ਨਈਂ ਪਚਦਾ
ਮਾੜੇ ਘਰ ਦਾ ਰਿੜ੍ਹਿਆ ਰਿਹੜਾ ਰਾਠਾਂ ਨੂੰ ਨਈਂ ਪਚਦਾ
ਇੱਕ ਨਾ ਇੱਕ ਤੇ ਹਰ ਇੱਕ ਪਿੰਡ ਈ ਹੁੰਦਾ ਏ ਜੋ ਰੜਕੇ
ਸਾਡੇ ਪਿੰਡੋਂ ਮੈਂ ਆਂ ਜਿਹੜਾ ਰਾਠਾਂ ਨੂੰ ਨਈਂ ਪਚਦਾ
ਕਿਹਦਾ ਕਿਹਦਾ ਨਾਂ ਲਵਾਂ ਮੈਂ ਕਿਹਦਾ ਕਿਹਦਾ ਦੱਸਾਂ
ਖ਼ੌਰੇ ਇੱਥੇ ਕਿਹੜਾ ਕਿਹੜਾ ਰਾਠਾਂ ਨੂੰ ਨਈਂ ਪਚਦਾ
ਚੜ੍ਹਦਿਓਂ ਲਹਿੰਦੇ ਲਹਿੰਦਿਓਂ ਚੜ੍ਹਦੇ ਆਵਣ ਜਾਵਣ ਵਾਲ਼ਾ
ਸਾਂਝ ਸਲੂਕ ਦਾ ਸੱਦ ਸੁਨੇਹੜਾ ਰਾਠਾਂ ਨੂੰ ਨਈਂ ਪਚਦਾ
ਇੱਕ ਥਾਂ ਗੀਤ ਸੁਣਾਉਂਦਾ ਅੱਜ ਵੀ ਇੱਕ ਥਾਂ ਚੋਗਾ ਚੁਗਦਾ
ਘੁੱਗੀ ਘੁੱਗੂ ਸਿਹੜੀ ਸਿਹੜਾ ਰਾਠਾਂ ਨੂੰ ਨਈਂ ਪਚਦਾ
ਆਪਣੇ ਘਰ ਵਿਚ ਭਾਵੇਂ ‘ਸੰਧੂ’ ਸੌ ਸੌ ਬਲ਼ਦੇ ਹੋਵਣ
ਬਲ਼ਦਾ ਕਿਧਰੇ ਹੋਰ ਚੁਲ੍ਹਿੜਾ ਰਾਠਾਂ ਨੂੰ ਨਈਂ ਪਚਦਾ