ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ,
ਮੈਨੂੰ ਮਾਰੀ 'ਵਾਜ ਸਹੇਲੀਆਂ, ਹੱਸ ਪੱਤਣਾਂ ਉੱਤੇ।
ਡੂੰਘੀ ਨੀਂਦਰ ਬਿਰਖ 'ਤੇ
ਤੇਰੇ ਬਾਜ਼ ਨੇ ਸੁੱਤੇ,
ਤੱਕਿਆ ਵਗਦੇ ਸ਼ਹੁ ਨੂੰ
ਕਿਸੇ ਸੋਹਣੀ ਰੁੱਤੇ,
ਫ਼ਜਰਾਂ ਵਿਚ ਸਹੇਲੀਓ, ਸ਼ੀਂਹ ਖੇਡ ਕੇ ਸੁੱਤੇ,
ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ।
ਪੀਰ ਮਨਾਇਆ ਸੋਹਣੀਆਂ
ਬਹਿ ਹੇਠ ਫਲਾਹੀਆਂ,
ਭੰਨ ਕੇ ਤੇਗਾਂ ਸੁੱਟੀਆਂ
ਕਿਸੇ ਦੂਰ ਦੇ ਰਾਹੀਆਂ,
ਪੈਂਦੀ ਧਮਕ ਦੁਰੇਡਿਉਂ, ਮੇਰੀ ਪਲਕ ਦੀ ਗੁੱਠੇ,
ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ।
ਡੱਗਾ ਢੋਲ ਦਾ ਵੱਜਦਾ
ਵੱਡ ਪਰਬਤ ਮੱਥੇ,
ਰੱਥ ਦਾ ਪਹੀਆ ਹੋੜਦੇ
ਕਿਸੇ ਕਮਲ ਦੇ ਪੱਤੇ,
ਆਬ ਸੁਹਾਣੀ ਬਿਰਖ ਦੀ, ਘੱਟ ਵਾਂਗੂੰ ਉੱਠੇ,
ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ।
ਮੇਰੀ ਸ਼ਾਹ ਰੰਗ ਉੱਤੋਂ ਲੰਘਿਆ
ਕੋਈ ਲਸ਼ਕਰ ਬਾਗ਼ੀ,
ਉੱਠਿਆ ਝਾਂਜਾ ਪੂਰਬੋਂ
ਰੱਤ ਖੰਭੜੀ ਜਾਗੀ,
‘ਹੂਲ ਕਹਾਹਾ’ ਮੱਚਿਆ, ਕਿਸੇ ਪੁਲ ਦੇ ਉੱਤੇ,
ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ।
ਬਿੱਜ ਵਾਂਗ ਕਲਾਈਆਂ ਕੰਬੀਆਂ
ਰੁੱਖ ਓਵੇਂ ਹਰਿਆ,
ਜ਼ੀਲ ਦੀ ਤਾਰ 'ਤੇ ਉਤਰਿਆ
ਸ਼ਹੁ ਮੂੰਹ ਮੂੰਹ ਭਰਿਆ,
ਮੇਰੇ ਝੱਲ ਦੇ ਬਿਨਾਂ ਵੀ, ਔਹ ਧੂੜ ਕੋਈ ਉੱਠੇ !
ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ।
ਪੁਰਸਲਾਤ ਵੱਲ ਚੱਲਿਆ
ਮਨ ਖੇਡਣ ਮੇਰਾ,
ਅਸਾਂ ਪਲ ਦੋ ਪਲ ਹੀ ਤੱਕਨਾ
ਦਿਹੁੰ ਸ਼ੌਕ ਦਾ ਤੇਰਾ,
ਕਿਹੜੀ ਫ਼ਜਰ ਨੂੰ ਵੇਖੀਏ, ਸੁੰਨ ਰੇਤ ਦੀ ਕੁੱਠੇ ?
ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ।
ਬਿੱਜਲੀ ਕੂੰਦੇ ਮੁੜੇ ਨ .....
ਕੁੱਲ ਤਕਦਾ ਮੇਲਾ,
ਮੈਨੂੰ ਟੀਸੀ ਬਿਰਖ ਦੀ ਵੇਖਦਾ
ਕੋਈ ਲੰਘਿਆ ਬੇਲਾ !
ਚੜ੍ਹ ਸ਼ੀਂਹ ਸੁਹਾਣੇ ਬਾਗ਼ 'ਚੋਂ, ਆ ਤ੍ਰਿੰਜਣ ਟੁੱਟੇ,
ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ !
ਮੈਨੂੰ ਮਾਰੀ 'ਵਾਜ ਸਹੇਲੀਆਂ, ਹੱਸ ਪੱਤਣਾਂ ਉੱਤੇ।