ਗੱਲ ਤਾਂ ਨਿੱਕੀ ਜਿਹੀ ਸੀ
ਹਲਕੇ ਜਿਹੇ ਪੇਟ ਦਰਦ ਤੋਂ ਸ਼ੁਰੂ ਹੋਈ
ਕਾਹਲੀ ਕਾਹਲੀ ’ਚ ਗਰੀਬ ਆਦਮੀ
ਬੱਚੇ ਨੂੰ ਚੁੱਕ ਕੇ ਲੈ ਗਿਆ ਹਸਪਤਾਲ
ਡਾਕਟਰ ਉਸ ਦੁਆਲੇ ਹੋਏ
ਜਿਵੇਂ ਭੁੱਖੇ ਭੇੇੜੀਏ ਸ਼ਿਕਾਰ ਦੁਆਲੇ
ਉਹਨਾਂ ਲਈ ਬੱਚਾ
ਮਸਾਂ ਮਸਾਂ ਨਵੀਂ ਫਸੀ ਅਸਾਮੀ ਕੋਈ
ਦਾਖ਼ਲ ਕਰ ਕੇ
ਮਹਿੰਗੀਆਂ ਦਵਾਈਆਂ ਦੀ ਸਲਿੱਪ
ਹੱਥ ਫੜਾਈ
ਹਸਪਤਾਲ ਦੇ ਅੰਦਰੋਂ ਹੀ
ਦਵਾਈਆਂ ਖਰੀਦਣ ਦੀ
ਹਦਾਇਤ ਨਾਲ ਟੰਗ ਕੇ
ਗੁਲੂਕੋਸ ਦੀਆਂ ਬੋਤਲਾਂ
ਮਹਿੰਗੇ ਟੀਕੇ
ਬੱਚੇ ਦੇ ਸਰੀਰ ’ਚ ਜਾਣ ਲੱਗੇ
ਤਾਕਤਵਰ ਦਵਾਈਆਂ ਨੇ ਅਸਰ ਕੀਤਾ
ਇੱਕ ਅੰਗ ਨੂੰ ਠੀਕ ਕਰਦੇ
ਸਰੀਰ ਦੇ ਹੋਰਾਂ ਅੰਗਾਂ ਤੱਕ ਪਹੁੰਚਿਆ ਅਸਰ
ਫੇਫੜਿਆਂ ’ਚ ਹੋਈ ਇਨਫੈਕਸ਼ਨ
ਗੁਰਦੇ ਫੇਲ੍ਹ
ਲਿਖੇ ਟੈਸਟ ਮਹਿੰਗੇ ਹੋਰ ਮਹਿੰਗੇ
ਵਿਗੜੀ ਹਾਲਤ
ਹੋਰ ਵਿਗੜੀ
ਰਹਿੰਦੀ ਕਸਰ
ਵੈਂਟੀਲੇਟਰ ਨੇ ਪੂਰੀ ਕਰ ਦਿੱਤੀ
ਹਵਾ ਦਾ ਭੁਕਾਨਾ ਮੁਰਦਾ ਜਿਸਮ ਵਿੱਚ
ਨਕਲੀ ਸਾਹ ਭਰਨ ਲੱਗਿਆ
ਹੋਰ ਚਾਰ ਦਿਨ
ਡਾਕਟਰਾਂ ਨੇ ਫੇਰ ਦਿੱਤਾ ਨਾਂਹ ’ਚ ਸਿਰ
ਲੱਖਾਂ ’ਚ ਬਣਿਆ ਹਸਪਤਾਲ ਦਾ ਬਿਲ
ਗਰੀਬ ਪਿਉ ਨੇ ਲਾਸ਼ ਲੈਣ ਲਈ
ਵਿਆਜ਼ ਤੇ ਕਰਜ਼ਾ ਲੈ ਕੇ
ਚੁਕਾਇਆ ਹਸਪਤਾਲ ਦਾ ਬਿੱਲ
ਤੇ ਲੱਖਾਂ ਦਾ ਕਰਜ਼ਾਈ ਹੋ ਕੇ
ਬੱਚੇ ਦਾ ਮੁਰਦਾ ਜਿਸਮ
ਲੈ ਆਇਆ ਘਰ
ਗੱਲ ਤਾਂ
ਥੋੜੇ ਜਿਹੇ ਪੇਟ ਦਰਦ ਤੋਂ
ਸ਼ੁਰੂ ਹੋਈ ਸੀ।