ਹਸਰਤ ਹੈ ਘਟਾ ਬਣ ਕੇ, ਧਰਤੀ ਦਾ ਬਦਨ ਧੋਆਂ।
ਸੂਰਜ ਦੀ ਤਰ੍ਹਾਂ ਡੁਬ ਕੇ, ਮੈਂ ਫਿਰ ਤੇਂ ਉਦੈ ਹੋਆਂ।
ਕੁਕਨੂਸ ਨਹੀਂ ਹਾਂ ਮੈਂ, ਹੁਣ ਰਾਖ਼ ‘ਚੋਂ ਕਿੰਜ ਉਪਜਾਂ,
ਫਿਰ ਜਿਸਮ ਘੜਾਂ ਆਪਣਾ, ਇਸ ਖ਼ਾਕ ਨੂੰ ਫਿਰ ਗੋਆਂ।
ਆਕਾਸ਼ ਤੋਂ ਧਰਤੀ ਤੱਕ, ਚੇਤਨ ਤੋਂ ਅਚੇਤਨ ਤੱਕ,
ਇੱਕ ਨੂਰ ਦੀਆਂ ਬੰਦਾ, ਲੈਂਦਾ ਫਿਰੇ ਕਨਸੋਆਂ।
ਖਿੜ ਪੈਣਗੇ ਰੁੱਤਾਂ ਵਿੱਚ, ਹਰ ਹਾਲ ‘ਚ ਮਹਿਕਣਗੇ,
ਮਿੱਟੀ ‘ਚ ਲੁਕੇ ਬੈਠੇ, ਇਹ ਰੰਗ ਇਹ ਖ਼ੁਸ਼ਬੋਆਂ।
ਚੰਨ ਵੀ ਹੈ, ਸਿਤਾਰੇ ਵੀ,ਦੀਵਾ ਵੀ ਤੇ ਜੁਗਨੂੰ ਵੀ,
ਪਰ, ਸ਼ਾਮ ਵੀ ਡੂੰਘੀ ਹੈ,ਮੱਧਮ ਨੇ ਬਹੁਤ ਲੋਆਂ।