ਹੱਸਦੇ ਵੱਲ ਚੱਲੀਏ

ਲੋਕ ਦੁਖੀ ਨਾਲ ਕਰਨ ਅਫ਼ਸੋਸ ਜਾਂਦੇ ।

ਹੱਸਦੇ ਵੱਲ ਵੀ ਚੱਲੀਏ ਤੇ ਪੁੱਛ ਲਈਏ ।

ਕਿਹੜੇ ਹਾਸੇ ਥੱਲੇ ਗ਼ਮ ਛਿਪਾਏ ਹੋਏ ਨੇ ।

ਖੁੱਲ੍ਹ ਹੱਸਣ ਵਾਲਿਆ ਵੇ ਜ਼ਖ਼ਮਾਂ ।

ਦਿਲ ਤੂੰ ਵੀ ਕਦੇ ਫ਼ਰੋਲ ਸੱਜਣਾ ।

ਕੱਢ ਕਿਹੜੇ ਗ਼ਮ, ਜਿਹੜੇ ਸਜਾਏ ਹੋਏ ਨੇ ।

ਗ਼ਮਾਂ ਵਾਲਿਆਂ ਕੋਲ ਬੈਠ ਚੁੱਪ ਵੱਟਦੈਂ ।

ਬਾਹਰ ਬੁੱਲੀਂ ਤੇਰੇ ਮੁਸਕਾਨ ਰਹਿੰਦੀ ।

ਕਿਹੜੇ ਸ਼ਰਮੀਂ ਗ਼ਮ ਦਬਾਏ ਹੋਏ ਨੇ ।

ਦਿਲ ਪਾੜ ਕੇ ਦੱਸ ਮੈਨੂੰ, ਸਮਝ ਅਪਣਾ ।

ਦੱਸ ਕਿੰਨੇ ਤੈਨੂੰ ਐਨੇ ਜ਼ਖ਼ਮ ਦਿੱਤੇ ।

ਕਾਹਤੋਂ ਗ਼ਮ ਬੁੱਲੀਂ ਸਜਾਏ ਹੋਏ ਨੇ ।

ਹਾਸੇ ਆਖਿਆ ਰਹਿਣ ਦੇ ਛੱਡ ਅੜਿਆ ।

ਸੱਜਣ ਬਣ ਨਾ ਬਹੀਂ ਕਦੇ ਕੋਲ ਜ਼ਰਾ ।

ਇਹ ਹਾਸੇ ਸੱਜਣਾਂ ਸਾਨੂੰ ਵਰਤਾਏ ਹੋਏ ਨੇ ।

ਅੱਧਵਾਟੇ ਟੁੱਟੇ ਤੇ ਮੁਹੱਬਤ ਨਾਮ ਰੱਖਿਆ ।

ਦਿਲ ਕੰਨੀ ਬੰਨ੍ਹ, ਕੱਲੇ ਵੇਖ ਹੱਸ ਪਈਦਾ ।

ਜਿਵੇਂ ਫੁੱਲਾਂ ਕੰਢੇ ਛਿਪਾਏ ਹੋਏ ਨੇ ।

ਰਾਜ਼ ਦਿਲਾਂ ਅੰਦਰ ਤਦ ਤੱਕ ਰਾਜ਼ ਹੁੰਦੇ ।

ਯਾਰ ਯਾਰਾਂ ਕੋਲ ਦੱਸਣ ਕਹਾਣੀਆਂ ਨੂੰ  ।

ਏਸ ਲਈ, ਗ਼ਮ ਹਾਸਿਆਂ ਥੱਲੇ ਦਬਾਏ ਹੋਏ ਨੇ ।

ਸੱਚੇ ਸਜਦੇ ਜਿੰਨਾਂ ਨੂੰ  ਅਸੀਂ ਕੀਤੇ ।

ਉਹੀ ਦੱਸ ਕੇ ਪਿਆਰ ਨੂੰ  ਖ਼ਤਾ ਅਪਣੀ ।

ਤੇ ਸਾਥੋਂ ਪਾਸੇ ਉਨ੍ਹਾ ਵਟਾਏ ਹੋਏ ਨੇ ।

ਮੋਇਆਂ ਸਭ ਕੋਈ ਭੁੱਲਦਾ ਜਗਤ ਬਣੀ ਏ ।

ਅਸੀਂ ਨਹੀ ਭੁੱਲੇ ਇਹੋ ਸਜ਼ਾ ਸਾਡੀ ।

ਹੱਸਣ ਗਿੱਝ ਗਏ ਕਿ ਸੱਜਣ ਭੁਲਾਏ ਹੋਏ ਨੇ ।

ਅਸਲ ਵਿੱਚ 'ਸਰਬ' ਦੇ ਗ਼ਮਾਂ ਸੱਜਣਾ,

ਸਿਰ ਸ਼ਰਮ ਦੇ ਨਾਲ ਝੁਕਾਏ ਹੋਏ ਨੇ ।

ਏਸੇ ਗੱਲ ਦਾ ਸਾਨੂੰ ਏ ਫਖ਼ਰ ਇੱਕੋ ।

ਕਿ ਸਾਡੇ ਗ਼ਮ ਸਾਥੋਂ ਸ਼ਰਮਾਏ ਹੋਏ ਨੇ ।

ਤੇ ਅਸਾਂ ਨਾਲ ਲਬਾਂ ਸਜਾਏ ਹੋਏ ਨੇ ।

📝 ਸੋਧ ਲਈ ਭੇਜੋ