ਹੱਸਕੇ ਬੋਲਿਆ ਕਰ

ਹਰ ਵੇਲੇ ਕਿਉਂ ਅੱਗ ਬਬੂਲਾ ਰਹਿੰਦਾ ਏ।

ਨਿੱਕੀ-ਨਿੱਕੀ ਗੱਲ ਤੇ ਟੁੱਟ-ਟੁੱਟ ਪੈਂਦਾ ਏ।

ਟੱਬਰ ਦੇ ਵਿੱਚ ਬਹਿਕੇ ਦੁੱਖ-ਸੁੱਖ ਫੋਲਿਆ ਕਰ॥

ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ 

ਮੱਥੇ ਪਈਆਂ ਤਿਊੜੀਆਂ ਚੰਗੀਆਂ ਲੱਗਦੀਆਂ ਨਈ।

ਅੱਖਾਂ ਕੱਡਦੈਂ ਗੂੜੀਆਂ ਚੰਗੀਆਂ ਲੱਗਦੀਆਂ ਨਈ।

ਕਦੇ ਮੂਰਖਾ ਪਿਆਰ ਦੀ ਤੱਕੜੀ ਤੋਲਿਆ ਕਰ॥

ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ 

ਰਹਿ ਜਾਈਦਾ ਕੱਲੇ ਆਕੜ ਕਰੀਏ ਤਾਂ।

ਕੁੱਝ ਨਈ ਪੈਂਦਾ ਪੱਲੇ ਆਕੜ ਕਰੀਏ ਤਾਂ। 

ਯਾਰਾਂ ਬੇਲੀਆਂ ਦੇ ਨਾਲ ਘੁੰਡੀਆਂ ਖੋਲਿਆ ਕਰ॥

ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ 

ਮੰਦਾ ਬੋਲਕੇ ਦਿਲ ਦਿਖਾਉਣਾ ਚੰਗਾ ਨਈ।

ਦਿਲ ਤੰਦੂਰ ਦੇ ਵਾਂਗ ਤਪਾਉਣਾ ਚੰਗਾ ਨਈ। 

ਵਾਂਗ ਸੱਪਾਂ ਦੇ ਜ਼ਹਿਰਾਂ ਨਾ ਤੂੰ ਘੋਲਿਆ ਕਰ॥

ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ 

ਮਾਇਆ ਦਾ ਹੰਕਾਰ ਮਾਰ ਦਾ ਅਕਲਾਂ ਨੂੰ।

ਰੋਲ ਦਿੰਦਾ ਸੋਹਣੀਆਂ ਸੋਹਣੀਆਂ ਸ਼ਕਲਾਂ ਨੂੰ। 

ਮਿੱਟੀ ਚੋ’ ਨਾ ਭੈੜਿਆ ਹੀਰੇ ਟੋਲਿਆ ਕਰ॥

ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ 

ਪਤਾ ਨਹੀ ਕਦ ਕਾਲ ਬਾਜ ਨੇ ਝਪਟ ਲੈਣਾ।

ਮਾਣ ਹੁਲਾਰੇ ਸਦਾ ਨੀਂ ਏਥੇ ਬੈਠ ਰਹਿਣਾ।

ਬੇਸ਼ਕੀਮਤੀ ਜਿੰਦ ਮਿੱਟੀ ਨਾਂ ਰੋਲਿਆ ਕਰ॥

ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ 

ਪਿਆਰ ਵੰਡਿਆਂ ਦੂਣਾ ਹੋ-ਹੋ ਫੁੱਟਦਾ ਈ।

ਸੱਥਾਂ ਦੇ ਵਿੱਚ ਪਿਆਰ ਹੀ ਮੇਲੇ ਲੁੱਟਦਾ ਈ। 

ਹਿਰਦਾ ਕਰ ਮਜ਼ਬੂਤ ਐਵੇਂ ਨਾ ਡੋਲਿਆ ਕਰ॥

ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ 

ਮੱਤ ਮਾਰ ਲਈ ਤੇਰੀ ਸਗਲ ਝਮੇਲੇ ਨੇ।

ਮਿੱਤਰਾਂ ਪਾਰ ਲਗਾਉਣਾ ਨਾਮ ਦੇ ਠੇਲੇ ਨੇ।

ਸੱਤਿਆ ਗੱਲ ਸਿਆਣਿਆਂ ਦੀ ਤੂੰ ਗੋਲਿਆ ਕਰ॥

ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥

📝 ਸੋਧ ਲਈ ਭੇਜੋ