ਹੱਥ ’ਚ ਫੜ ਕੇ ਵੇਖੀ ਤਸਬੀ, ਤੈਨੂੰ ਜਪਣ ਲਈ।
ਅੱਖਾਂ ਬੰਦ ਕਰ, ਲੱਗ ਪਈ ਕਰਨ ਅਰਦਾਸ ਮੈਂ।
ਹਰ ਰੂਹ ਤੇਰਾ ਵਾਸ, ਬੇਨਤੀ ਕਰ ਨਾਲ਼ ਰੱਖਣ ਲਈ।
ਦਿਲ ’ਚ ਉੱਠ ਪਈ ਤਾਂਘ, ਸੋਹਣਿਆਂ ਤੈਨੂੰ ਤੱਕਣ ਦੀ।
ਮੈਨੂੰ ਪਤਾ ਨਾ ਰੱਬ ਦਾ, ਕੀਕਰ ਉਸ ਨੂੰ ਯਾਦ ਕਰਾਂ।
ਮੈਂ ਤਾਂ ਤੇਰਾ ਨਾਮ ਜਪ, ਨਿਤ ਤੇਰਾ ਧਿਆਨ ਧਰਾਂ।
ਪੈਰੀਂ ਪਾ ਲਈ ਝਾਂਜਰ, ਉੱਠ ਪਈ ਮੈਂ ਨੱਚਣ ਲਈ।
ਦਿਲ ’ਚ ਉੱਠ ਪਈ ਤਾਂਘ, ਸੋਹਣਿਆਂ ਤੈਨੂੰ ਤੱਕਣ ਦੀ।
ਜਿਗਰੇ ਕਰਕੇ ਵੱਢੇ, ਤੁਸਾਂ ਕਿੰਞ ਤੀਰ ਕਮਾਨੋਂ ਛੱਡੇ।
ਜਦ ਦਿਲ ਸਾਡੇ ਵਿੱਚ ਵੱਜੇ, ਨਾ ਕੁਝ ਵਿਖਦਾ ਸੱਜੇ-ਖੱਬੇ।
ਚੀਸ ਵੱਟ ਕੇ ਧੜਕੀ ਜਾਵੇ, ਰੀਝ ਨਾ ਮੰਨੇ ਨੱਪਣ ਲਈ।
ਦਿਲ ’ਚ ਉੱਠ ਪਈ ਤਾਂਘ, ਸੋਹਣਿਆਂ ਤੈਨੂੰ ਤੱਕਣ ਦੀ।
ਲੋਕੀਂ ਤੈਨੂੰ ਪਾਉਣ ਲਈ, ਬਾਹਰੋਂ ਖੋਜਣ ਲੱਗਦੇ ਨੇ।
ਸਰਬ ਜਿਹੇ ਬੇ-ਅਕਲੇ, ਤਾਂ ਤੈਨੂੰ ਅੰਦਰੋਂ ਲੱਭਦੇ ਨੇ।
ਤੱਕ ਕੇ ਜਪਦੇ ੴ, ਤੁਰਦੇ ਕੁਦਰਤ ਨਾਲ਼ ਹੱਸਣ ਲਈ।
ਦਿਲ 'ਚ ਉੱਠ ਪਈ ਤਾਂਘ, ਸੋਹਣਿਆਂ ਤੈਨੂੰ ਤੱਕਣ ਦੀ।
ਕੀ ਆਖਾਂ ਸੱਜਣਾ ਤੈਨੂੰ, ਬੜਾ ਪਿਆਰਾ ਲੱਗਦਾ ਮੈਨੂੰ।
ਤੈਨੂੰ ਤੱਕ ਕਵਿਤਾ ਲਿਖਣੀ, ਪੇਸ਼ ਨਜ਼ਾਰਾ ਕਰਨਾ ਸਭ ਨੂੰ।
ਵੱਸਦਾ ਤੱਕ ਪਵਿੱਤਰ ਰੂਹਾਂ, ਸੋਝੀ ਆਈ, ਜਪਣ ਦੀ।
ਦਿਲ 'ਚ ਉੱਠ ਪਈ ਤਾਂਘ, ਸੋਹਣਿਆਂ ਤੈਨੂੰ ਤੱਕਣ ਦੀ।