ਹੱਥ ਚਮਕਾਇਆ ਆਕਾਸ਼ ਤੀਕਣ

ਉਸ ਗੀਤ ਨੇ ਆਪਣਾ ਹੱਥ ਚਮਕਾਇਆ ਆਕਾਸ਼ ਤੀਕਣ।

ਚਮਕਾਰ ਦੇ ਪਰਬਤ

ਕੂੰਜਾਂ ਦੀ ਡਾਰ ਵਾਂਗ

ਦੂਰ ਪਰਬਤਾਂ ਤੱਕ ਲਹਿੰਦੇ— 

ਹਰ ਯੁੱਗ ਦੇ ਆਕਾਸ਼ ਚਮਕਦੇ 

ਨਿੰਬਲ ਸੁਰਮਈ ਨੀਲ ਵਿਚ ਡੁੱਬੇ;

ਕੋਇਲਾਂ ਦੀਆਂ ਕੂਕਾਂ

ਮੰਜਰੀ ਦੀ ਮਧੂ ਕੌੜੱਤਣ 'ਚੋਂ ਉਠਦੀਆਂ– 

ਤੋਸ਼ਾ ਸੰਭਾਲਦੇ ਮੁਸਾਫ਼ਰ

ਧੂੜ ਤੇ ਲਿਪਟਦਾ ਲੰਮਿਆਂ ਸਫ਼ਰਾਂ 'ਚ ਹੰਭਿਆ ਗੀਤ,

ਤਰ੍ਹਾਂ ਤਰ੍ਹਾਂ ਦੀ ਲੋਕਾਈ ਨੂੰ

ਉਸ ਸ਼ਰਾਬ ਦੀ ਦੱਸ ਪਾਉਂਦਾ

ਜਿਸ ਦੀ ਮਹਿਕ ਨਾਲ ਜ਼ਿਮੀਂ ਦੇ ਸਭ ਜ਼ਰੇ

ਸ਼ਹਿਦ ਜਿਉਂ ਟਪਕੇ।

ਉਹ ਸਾਂਵਰੇ ਨੈਣਾ,

ਉਹ ਮਿੱਟੀ ਦੇ ਬਾਂਵਰੇ ਜੋਬਨ

ਤੈਂਡੀ ਮਿੱਟੀ ਤੇ ਪਰਬਤਾਂ ਸੈਣਾ;

ਮੇਘ ਘੁਲਿਆ ਤੂੰ ਸਿਰ ਤੋਂ ਪੈਰਾਂ ਤਕ-

ਫ਼ਰਿਹਾਦ ਦੇ ਤੇਸੇ ਦੀ

ਬਰਫ਼ਾਂ 'ਤੇ ਪਈ ਚਮਕਾਰ ਤੂੰ- 

ਘੋਲ ਲੈ ਆਪਣੇ ਜੋਬਨੇ 

ਨਿਮਾਣੇ ਫ਼ਕੀਰਾਂ ਦੀ ਅਰਜ਼ ਇਹੋ 

ਉਹ ਸਾਂਵਰੇ ਨੈਣਾ !

 

📝 ਸੋਧ ਲਈ ਭੇਜੋ