ਹਥ ਪੁਰਾਣੇ ਖੋਸੜੇ ਬਸੰਤੇ ਹੋਰੀਂ ਆਏ

ਨਾ ਮੈਂ ਕੀਤਾ ਵਣਜ ਮੈਂ ਨਾ ਪਾਈ ਹੱਟੀ ।

ਖੱਟੀ ਖਟਾਈ ਮਿਲ ਗਈ ਭਾਈਏ ਦੀ ਖੱਟੀ ।

ਵਿਹਲਾ ਬਹਿ ਕੇ ਖਾਣ ਦੀ ਮੈਂ ਪੜ੍ਹ ਲਈ ਪੱਟੀ ।

ਕੰਮ ਕੋਈ ਆਖੇ ਕਰਨ ਨੂੰ ਮੈਨੂੰ ਜਾਪੇ ਚੱਟੀ ।

ਵਹੁਟੀ ਆਖੇ ਆ ਗਿਆ ਇਹ ਕਿਥੋਂ ਮਖੱਟੂ ।

ਮਾਂ ਆਖੇ ਨਿਰਾ ਪੁਰਾ ਹੈ ਖਾਣੇ ਦਾ ਚੱਟੂ ।

ਗਲੀਆਂ ਦਾ ਹਰ ਕੱਖ ਵੀ ਮੈਨੂੰ ਮਿਹਣਾ ਮਾਰੇ ।

ਘਿਰਨਾਂ ਨਾਲ ਸੀ ਦੇਖਦੇ ਮੈਨੂੰ ਘਰ ਦੇ ਸਾਰੇ ।

ਵਹੁਟੀ ਹਥੋਂ ਕਲਪ ਕੇ ਘਰ ਛਡਨਾ ਕੀਤਾ ।

ਆਖ਼ਰ ਫ਼ਸਤਾ ਰੋਜ਼ ਦਾ ਇਉਂ ਵਢਨਾ ਕੀਤਾ ।

ਮੈਂ ਕਿਹਾ ਨਹੀਂ ਆਵਣਾ ਹੁਣ ਮੁੜ ਕੇ ਇਥੇ ।

ਟੱਬਰ ਨਾਲ ਨਹੀਂ ਮੈਂ ਬੈਠਣਾ ਮੈਂ ਜੁੜ ਕੇ ਇਥੇ ।

ਕਰਸਾਂ ਜਾ ਕੇ ਵਣਜ ਕੋਈ ਇਕ ਥਾਂ ਤੇ ਡਟ ਕੇ ।

ਜੇ ਆਇਆ ਤਾਂ ਆਵਸਾਂ ਕੋਈ ਖਟੀ ਖਟ ਕੇ ।

ਪੂੰਜੀ ਸਾਰੀ ਸਾਂਭ ਕੇ ਮੈਂ ਚਾਲੇ ਪਾਏ ।

ਕਲਕੱਤੇ ਦੇ ਸ਼ਹਿਰ ਵਿਚ ਜਾ ਡੇਰੇ ਲਾਏ ।

ਤਕ ਕੇ ਨਵੇਂ ਸ਼ਿਕਾਰ ਨੂੰ ਇਉਂ ਜੁੜੇ ਸ਼ਿਕਾਰੀ ।

ਚਿੜੀਆਂ ਉਤੇ ਪੈਣ ਬਾਜ਼ ਜਿਉਂ ਮਾਰ ਉਡਾਰੀ ।

ਜਿਵੇਂ ਹੱਡੀ ਨੂੰ ਵੇਖ ਕੇ ਆ ਜੁੜਦੇ ਕੁੱਤੇ ।

ਮਖੀਆਂ ਆ ਕੇ ਜੁੜਦੀਆਂ ਜਿਉਂ ਗੁੜ ਦੇ ਉੱਤੇ ।

ਅਡੇ ਲਗ ਕੇ ਉਨ੍ਹਾਂ ਦੇ ਫਸ ਦਏ ਵਿਚ ਫਾਹੀਆਂ ।

ਕਲਕਤੇ ਦੇ ਸ਼ਹਿਰ ਦੀਆਂ ਸਬ ਗਲੀਆਂ ਗਾਹੀਆਂ ।

ਰੰਗ ਬਰੰਗੀ ਨਾਚ ਵਿਚ ਕਈ ਖੇਡਾਂ ਖੇਡੇ ।

ਵੇਖੇ ਜਾ ਕੇ ਚੀਰ ਅਸਾਂ ਕਈ ਵਿੰਗੇ ਟਿਹਡੇ ।

ਇਉਂ ਯਾਰਾਂ ਨੇ ਲੁਟਿਆ ਮੇਰਾ ਸਾਰਾ ਝੁਗਾ ।

ਚੋਰ ਜਿਉਂ ਆ ਕੇ ਲੁਟਦੇ ਘਰ ਤਕ ਕੇ ਲੁਗਾ ।

ਬਾਹਰ ਨਾ ਕੋਈ ਵੇਖ ਕੇ ਅਸੀਂ ਅਤ ਘਬਰਾਏ ।

ਬੁਝਕੀ ਅਪਣੀ ਸਾਂਭ ਕੇ ਮੁੜ ਘਰ ਨੂੰ ਆਏ ।

ਦੂਰੋਂ ਵਹੁਟੀ ਵੇਖ ਕੇ ਇਹ ਸੋਹਲੇ ਗਾਏ ।

ਸ਼ੁਕਰ ਕਰੋ ਨੀ ਗੋਰੀਓ ਸ਼ਹੁ ਜੀਂਵਦੇ ਆਏ ।

ਕੋਲੂੰ ਕੁੜੀਆਂ ਵੇਖ ਕੇ ਇਹ ਗੀਤ ਸੁਣਾਏ ।

ਹਥ ਪੁਰਾਣੇ ਖੋਸੜੇ 'ਈਸ਼ਰ' ਹੋਰੀਂ ਆਏ ।

📝 ਸੋਧ ਲਈ ਭੇਜੋ