ਹੱਥਾਂ ਵਿਚ ਗੁਲਦਸਤੇ, ਸੋਚਾਂ ਵਿਚ ਪੱਥਰ ਨੇ।
ਕੀ ਪੁੱਛਦੇ ਹੋ ਯਾਰੋ ਇਹ ਸਾਡੇ ਰਹਿਬਰ ਨੇ।
ਫੁੱਲ ਭਰਦੇ ਨੇ ਖ਼ੁਸ਼ਬੂ ਖ਼ਾਬਾਂ, ਸੋਚਾਂ ਅੰਦਰ,
ਪੱਥਰ ਪੈਰ-ਪੈਰ 'ਤੇ ਦੇ ਜਾਂਦੇ ਠ੍ਹੋਕਰ ਨੇ।
ਦਰਦ, ਦਵਾ-ਦਾਰੂ ਦਾ ਏਥੇ ਜ਼ਿਕਰ ਨਾ ਕੋਈ,
ਸ਼ਹਿਰ 'ਚ ਵਸਦੇ ਬੰਦੇ ਹੁਣ ਲੱਗਦੇ ਪੱਥਰ ਨੇ।
ਮਹਿਕ ਇਨ੍ਹਾਂ ਦੀ ਕੋਈ-ਕੋਈ ਮਹਿਸੂਸ ਕਰੇ,
ਹਰ ਮਨ ਦੇ ਗੁਲਸ਼ਨ ਵਿਚ ਫੁੱਲ ਖਿੜਦੇ ਅਕਸਰ ਨੇ।
ਕਿੰਨਾ ਬਦਲ ਗਿਆ ਹੈ ਦੁਨੀਆਂ ਦਾ ਕਾਰੋਬਾਰ,
ਤਖ਼ਤਾਂ, ਤਾਜਾਂ ਖ਼ਾਤਰ ਸਿਰ ਵਿਕਦੇ ਦਰ ਦਰ ਨੇ।
ਪੱਤੀ-ਪੱਤੀ ਹੋ ਕੇ ਫੁੱਲ ਤਾਂ ਆਪਾ ਵਾਰਨ,
ਪੱਥਰ ਫਿਰ ਵੀ ਰਹਿੰਦੇ ਪੱਥਰ ਦੇ ਪੱਥਰ ਨੇ।
ਮਨ ਦੇ ਵਿਹੜੇ ਫਿਰ ਵੀ 'ਮਾਨ' ਖੁਸ਼ੀ ਨਾ ਚਹਿਕੀ,
ਘਰ 'ਚ ਸਜਾ ਕੇ ਰੱਖੇ ਕਿੰਨੇ ਸੰਗਮਰਮਰ ਨੇ।