ਖੂਹ ਪੂਰਕੇ ਅਸਾਂ ਨੇ, ਲਵਾ ਲਏ ਮੋਟਰ ਪੰਪ!
ਅੱਗੇ ਵੱਧਣਾ ਚਾਂਵਦੇ, ਮਾਰ ਕੇ ਡੱਡੂ ਜੰਪ!
ਘੜੇ ਚਾਟੀਆਂ ਹੁਣ ਤਾਂ, ਘੜਦੇ ਨਾਂ ਘੁਮਿਆਰ!
ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ!
ਹੁਣ ਨਾਂ ਸੱਥਾਂ ਲੱਗਦੀਆਂ, ਨਾਂ ਏਕਤਾ ਕੱਠ!
ਨਾਂ ਕੋਈ ਦਾਣੇ ਭੁੰਨਦੀ, ਹੁਣ ਭੱਠਿਆਰਨ ਭੱਠ!
ਸਾਂਝਾਂ ਮੁੱਕੀਆਂ ਬੇਲੀਆ, ਉਹ ਨਾਂ ਰਹੇ ਪਿਆਰ!
ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ!
ਕੁੜਤੇ ਘੱਗਰੇ ਚਾਦਰੇ, ਨਾਂ ਤੁਰਲੇ ਵਾਲੀ ਪੱਗ!
ਹੋਰ ਈ ਪਾਸੇ ਤੁਰ ਪਿਆ, ਹੁਣ ਏ ਚੰਦਰਾ ਜੱਗ!
ਸਿਰ ਤੇ ਚੁੰਨੀ ਦਿਸੇ ਨਾਂ, ਤੇ ਨਾਂ ਸੂਟ ਸਲਵਾਰ!
ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ!
ਨਾਂਹੀ ਹਲ ਪਜ਼ਾਲੀਆਂ, ਨਾਂ ਓ ਫੱਗਣ ਚੇਤ!
ਨਾਂ ਭੱਤਾ ਲੈ ਕੇ ਜਾਂਵਦੀ, ਬਹੁ ਸਵਾਣੀ ਖੇਤ!
ਸ਼ੁਭਾ ਸਵੇਰੇ ਉੱਠਕੇ, ਨਾਂ ਕੋਈ ਕੱਡਦੀ ਧਾਰ!
ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ!
ਚੁੱਲੇ ਚੌਕੇ ਗੁੰਮ ਗਏ, ਚੱਲੇ ਸਿਲੰਡਰ ਗੈਸ!
ਪਹਿਲਾਂ ਵਾਲੇ ਪੰਜਾਬ ਦਾ, ਕਰਤਾ ਤੈਸ ਨੈਸ!
ਗੱਡੇ ਵਾਲੀ ਜਗ੍ਹਾ ਤੇ, ਘੁੰਮੇ ਲਗਜ਼ਰੀ ਕਾਰ!
ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ!
ਮੱਖਣ ਲੱਸੀ ਦੁੱਧ ਦਹੀਂ, ਵਿੱਕਦਾ ਜਾਲੀ ਮਾਲ!
ਸਾਗ ਨਾ ਰੋਟੀ ਮੱਕੀ ਦੀ, ਹੁਣ ਨੀਂ ਖਾਂਦੇ ਬਾਲ!
ਤੋੜੀ ਵਾਲੀ ਦਾਲ ਦੀ, ਕੋਈ ਨਾਂ' ਲੈਦਾ ਸਾਰ!
ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ!
ਆਪੋ ਆਪਣੇ ਰੂਮ 'ਚ ਫੋਨ ਲੈ ਬਹਿੰਦੇ ਟੱਚ!
ਫਰੀਦਸਰਾਈਏ ਲਿਖ ਤਾ, ਜਮ੍ਹਾਂ ਹੀ ਸੱਚੋ ਸੱਚ!
ਮਿਲ ਨਾ ਕੱਠਾ ਬੈਠਦਾ, ਆਪੋ ਵਿੱਚ ਪਰਿਵਾਰ!
ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ!