ਹੌਲੀ ਕੁ ਅਲਵਿਦਾ ਕਿਹਾ ਉਸ

ਹੌਲੀ ਕੁ ਅਲਵਿਦਾ ਕਿਹਾ ਉਸ ਥੋੜੀ ਵਾਟ ਤੋਂ।

ਫਿਰ ਸਿਰ ਉਠਾ ਨਾ ਵੇਖਿਆ ਤਕੀਏ ਤੋਂ ਖਾਟ ਤੋਂ।

ਚੁੱਲ੍ਹਾ, ਚਿਖਾ, ਸ਼ੱਮਾਂ ਕਦੇ ਬਾਲੀ ਮਸ਼ਾਲ ਵਾਂਗ,

ਕਿਹੜਾ ਨਹੀਂ ਲਿਆ ਗਿਆ ਕੰਮ ਅੱਗ ਦੀ ਲਾਟ ਤੋਂ।

ਹੱਸੇ ਤਾਂ ਫੁਲਝੜੀ ਚਲੀ, ਰੋਏ ਤਾਂ ਕਹਿਕਸ਼ਾਂ,

ਆਇਆ ਕੀ! ਹੱਥ ਮੌਸਮਾਂ ਦੀ ਜਗਮਗਾਹਟ ਤੋਂ।

ਕੁਰਸੀ, ਸਲੀਬਾਂ ਖਿੜਕੀਆਂ ਪੰਘੂੜੇ ਫੂੜ੍ਹੀਆਂ,

ਕੀ! ਕੀ! ਬਣਾਇਆ ਨਾ ਗਿਆ ਇਕ ਰੁੱਖ ਦੇ ਕਾਠ ਤੋਂ।

ਰਾਜੇ ਕਲਿੰਗਾ ਜਿੱਤਕੇ ਚਾਹੁੰਦੇ ਰਹੇ ਅਮਨ,

ਲੈਣਾ ‘ਅਸ਼ੋਕਾ’ ਹੋਰ ਕੀ! ਸੀ ਬੁੱਧ ਦੀ ਲਾਠ ਤੋਂ।

ਉਹਨਾਂ ਤਾਂ ਇੱਟਾਂ ਸਮਝਕੇ ਢਾਇਆ ‘ਅਕਾਲ-ਤਖ਼ਤ’

ਲੋਕਾਂ ਨੂੰ ਮਿਲਦਾ ਚੈਨ ਸੀ ਪਰ ਉਸਦੇ ਠਾਠ ਤੋਂ।

ਵੇਲਾ ਵਿਹਾ ਚੁੱਕਾ ਨਹੀਂ ਸ਼ੁੱਭ ਹਰਫ਼ ਅੱਜ ਵੀ,

ਮਿਲਦੀ ਹੈ ਹੁਣ ਵੀ ਰੌਸ਼ਨੀ ਬਾਣੀ ਦੇ ਪਾਠ ਤੋਂ।

📝 ਸੋਧ ਲਈ ਭੇਜੋ