ਘਸ ਜਾਦਾ ਲੋਹਾ ਵੀ ਘਸਾਉਣ ਵਾਲਾ ਚਾਹੀਦਾ.
ਪੱਥਰਾਂ ਚੋਂ' ਉੱਗਦਾ ਉਗਾਉਣ ਵਾਲਾ ਚਾਹੀਦਾ.
ਵੱਢੀਆਂ ਬਾਂਹਾਂ ਤੋਂ ਕਈ ਪੁੱਜ ਜਾਦੇ ਮੰਜ਼ਿਲਾਂ ਤੇ,
ਮਿੱਟਦੀਆਂ ਲੀਕਾਂ ਵੀ ਮਿਟਾਉਣ ਵਾਲਾ ਚਾਹੀਦਾ.
ਭੀੜ ਵਿੱਚੋ ਅੱਗੇ ਆਉਣਾ ਹੱਥ ਵੱਸ ਮਿਹਨਤਾਂ ਦੇ,
ਆਇਆ ਜਾਦਾ ਅੱਗੇ ਬਸ ਆਉਣ ਵਾਲਾ ਚਾਹੀਦਾ.
ਵੱਡੇ- ਵੱਡੇ ਮੱਲ ਏਥੇ ਢੱਠਦੇ ਮੈੰ ਅੱਖੀਂ ਵੇਖੇ,
ਢਹਿ ਜਾਦੇ ਯੋਧੇ ਏਥੇ ਢਾਉਣ ਵਾਲਾ ਚਾਹੀਦਾ.
ਹੌਸਲੇ ਬੁਲੰਦ ਹੋਣ ਕਿੱਦਾਂ ਧਾਂਕ ਜੰਮਦੀ ਨਈ,
ਜੰਮਦੀ ਆ ਧਾਂਕ ਵੀ ਜਮਾਉਣ ਵਾਲਾ ਚਾਹੀਦਾ.
ਥੱਕ ਟੁੱਟ ਬੈਠ ਜਾਣਾ ਬਣਦਾ ਨਈ ਨਾਮ ਸਾਥੋਂ,
ਬਣਦਾ ਏ ਨਾਮ ਵੀ ਬਣਾਉਣ ਵਾਲਾ ਚਾਹੀਦਾ.
ਮੰਜ਼ਿਲਾਂ ਦਾ ਪੰਦ ਥੋੜ੍ਹਾ ਕਰੜਾ ਜਰੂਰ ਹੁੰਦਾ,
ਪਾਇਆ ਜਾਦਾ ਮੰਜ਼ਿਲਾ ਨੂੰ ਪਾਉਣ ਵਾਲਾ ਚਾਹੀਦਾ.
ਪੱਲੇ ਗੰਢ ਹੋਵੇ ਤਾਂ ਸਲੂਟ ਕਿੱਦਾਂ ਵੱਜਦੇ ਨਈ,
ਵੱਜਦੇ ਸਲੂਟ ਵੀ ਮਰਾਉਣ ਵਾਲਾ ਚਾਹੀਦਾ.
ਐਵੇ ਥੋੜ੍ਹੀ ਨਾਂ ਦੇ ਪਿੱਛੇ ਲੱਗਦਾ ਫਰੀਦ ਸਰਾਏ,
ਲੱਗਦਾ ਜਰੂਰ ਪਰ ਲਾਉਣ ਵਾਲਾ ਚਾਹੀਦਾ.