ਹਵਾਵਾਂ ਬਾਰੀਆਂ ਖੜਕਾਉਂਦੀਆਂ ਰਹੀਆਂ ਫ਼ਜਰ ਤਾਈਂ

ਹਵਾਵਾਂ ਬਾਰੀਆਂ ਖੜਕਾਉਂਦੀਆਂ ਰਹੀਆਂ ਫ਼ਜਰ ਤਾਈਂ ।

ਤੇ ਯਾਦਾਂ ਉਹਦੀਆਂ ਕੁਰਲਾਉਂਦੀਆਂ ਰਹੀਆਂ ਫ਼ਜਰ ਤਾਈਂ ।

ਡਿਗੇ ਮਹਿੰਦੀ ਤੇ ਹੰਝੂ ਰਾਜ਼ ਦੱਸ ਦਿੱਤੇ ਸੀ ਸਖੀਆਂ ਨੂੰ,

ਖ਼ੁਸ਼ੀ ਦੇ ਗੀਤ ਫਿਰ ਵੀ ਗਾਉਂਦੀਆਂ ਰਹੀਆਂ ਫ਼ਜਰ ਤਾਈਂ ।

ਉਹ ਪਹਿਲੇ ਵਾਂਗ ਰਾਤੀਂ ਵਾਅਦਾ ਭੁੱਲ ਕੇ ਘੂਕ ਸੁੱਤਾ ਸੀ,

ਉਡੀਕਾਂ ਜੀਹਦੀਆਂ ਤੜਪਾਉਂਦੀਆਂ ਰਹੀਆਂ ਫ਼ਜਰ ਤਾਈਂ ।

ਐਵੇਂ ਇਕ ਆਸ ਪਾਰੋਂ ਮੈਂ ਵੀ ਤੇ ਬੂਹਾ ਨਾ ਬੰਦ ਕੀਤਾ,

ਉਹ ਅੱਖਾਂ ਬਾਰੀ ਵਿਚ ਸ਼ਰਮਾਉਂਦੀਆਂ ਰਹੀਆਂ ਫ਼ਜਰ ਤਾਈਂ ।

ਮੇਰੀ ਰੀਝਾਂ ਦੀ ਧਰਤੀ ਤੇ ਇਹ ਖ਼ਵਰੇ ਕਿਉਂ ਨਹੀਂ ਵਰ੍ਹਿਆ,

ਘਟਾਵਾਂ ਉਂਜ ਤੇ 'ਆਤਿਫ਼'ਭਾਉਂਦੀਆਂ ਰਹੀਆਂ ਫ਼ਜਰ ਤਾਈਂ ।

📝 ਸੋਧ ਲਈ ਭੇਜੋ