ਹਵਾਲੇ ਜਦ ਕਿਸੇ ਦੇ ਵੀ, ਕਿਸੇ ਕੀਤਾ ਸਵਾਲ ਅਪਣਾ

ਹਵਾਲੇ ਜਦ ਕਿਸੇ ਦੇ ਵੀ, ਕਿਸੇ ਕੀਤਾ ਸਵਾਲ ਅਪਣਾ,

ਇਰਾਦੇ ਗ਼ੈਰ ਨਾਲ ਓਸ ਬੰਨ੍ਹ ਲਿਆ, ਫ਼ਿਰ ਵਾਲ ਵਾਲ ਅਪਣਾ ।

ਓਹਦੇ ਪਰਖਣ ਤੇ ਸੋਧਣ ਦਾ ਵੀ, ਮੈਨੂੰ ਹੈ ਕੁਝ ਅੰਦਾਜ਼ਾ,

ਮਿਰੇ ਬਾਰੇ ਖ਼ਿਆਲ ਉਸਦਾ ਹੈ ਸ਼ੱਕੀ, ਹੈ ਖ਼ਿਆਲ ਅਪਣਾ ।

ਸੁਣਾਂਦਾ ਸਾਂ ਕਹਾਣੀ ਤੇ, ਕਿਸੇ ਨੇ ਕੰਨ ਨਈਂ ਧਰਿਆ,

ਜਦੋਂ ਦਸਿਆ ਨਈਂ ਜਾਂਦਾ, ਤੇ ਸਭ ਪੁਛਦੇ ਨੇ ਹਾਲ ਅਪਣਾ ।

ਕਦੀ ਲੀਰਾਂ, ਕਦੀ ਟੋਟੇ, ਕਦੀ ਹੈ ਛਾਨਣੀ ਹੋਇਆ,

ਬੜੀ ਉਖਿਆਈ ਨਾਲ ਹੋਇਆ, ਏਥੇ ਪੱਲੂ ਸੰਭਾਲ ਅਪਣਾ ।

ਸਭਨਾਂ ਨੇ ਸਾਡੀਆਂ, ਕੋਤਾਹੀਆਂ ਤੇ ਹੀ ਨਜ਼ਰ ਰੱਖੀ,

ਅਸੀਂ ਬੇਕਾਰ ਹੀ ਲਾਂਹਦੇ ਰਹੇ, ਦਿਲ ਦਾ ਜੰਗਾਲ ਅਪਣਾ ।

ਖ਼ਮੋਸ਼ੀ ਉਸਦੀਆਂ ਨਜ਼ਰਾਂ ਦੀ, ਜਦ ਦੇਂਦੀ ਏ ਹੁੰਗਾਰਾ,

ਓਹਦੇ ਏਨੇ ਇਸ਼ਾਰੇ ਤੇ, ਭਟਕ ਜਾਂਦੈ ਸਵਾਲ ਅਪਣਾ ।

ਅਸਾਂ ਧਮਕੀ, ਡਰਾਵੇ, ਰੋਅਬ ਦੇ ਥੱਲੇ ਨਈਂ ਆਓਣਾਂ,

ਨਈਂ ਲੱਗਾ ਹੋਇਆ ਸ਼ਹਿਰ ਇਚ, ਤੁਹਾਡਾ ਕੋਤਵਾਲ ਅਪਣਾ ।

ਕੋਈ ਸੂਰਤ ਨਜ਼ਰ ਆਓਂਦੀ ਨਈਂ, ਦੁਨੀਆਂ ਨੂੰ ਸਮਝਣ ਦੀ,

ਐਥੇ ਮਰਨਾ ਵੀ ਔਖਾ ਏ, ਤੇ ਜੀਣਾ ਵੀ ਮੁਹਾਲ ਅਪਣਾ ।

ਡਰਾਕਲ ਕਰਨ ਦੀ ਕੋਸ਼ਿਸ਼, ਬੜੀ ਕੀਤੀ ਐ ਪੀੜਾਂ ਨੇ,

ਅਸੀਂ ਪਹਿਲਾਂ ਹੀ ਬੈਠੇ ਹਾਂ, ਜਿਗਰ ਪੱਥਰ 'ਚ ਢਾਲ ਅਪਣਾ ।

ਸਿਲਾ ਹੁਣ ਮੇਰੀਆਂ ਕੁਰਬਾਨੀਆਂ ਦਾ, ਆ ਰਿਹੈ ਨਜ਼ਰੀਂ,

ਲਿਖਣ 'ਅਸ਼ਰਫ਼' ਓਹ ਲੱਗਿਐ ਨਾਮ ਮੇਰਾ, ਨਾਂ ਦੇ ਨਾਲ ਅਪਣਾ ।

📝 ਸੋਧ ਲਈ ਭੇਜੋ