ਪਹਿਲੇ ਦਿਨ ਤੋਂ ਪਿੰਡੇ ਉਤੇ

ਕਰਦੀ ਆਈ ਸ਼ਰਾਰਤ ।

ਤਨ ਦੀ ਚਮੜੀ ਫਿਰ ਵੀ ਇਹਦੀ

ਬੁੱਝ ਨਾ ਸਕੀ ਬੁਝਾਰਤ ।

ਬਾਹਰੋਂ ਕਹਿਣ ਨੂੰ ਵਾਅ ਏ ਲੱਗਦੀ

ਅੰਦਰ ਬਣਦੀ ਸਾਹ

ਆਖੋ ਮੇਰੇ ਸੱਜਨੜੇ ਨੂੰ

ਦੇਵੇ ਕੋਈ ਇਹਦਾ ਰਾਹ ।

ਸੂਖਮ ਜਿਹੀ ਮਹਿਸੂਸ ਹੋਵੇ ਇਹ

ਫੈਲੀ ਚਾਰ ਚੁਫੇਰੇ

ਇਕ ਦਿਨ ਇਹ ਵੀ ਨਿਕਲ ਜਾਣੀ ਏ

ਜੋ ਵਿਚ ਤੇਰੇ ਤੇ ਮੇਰੇ ।

ਮਹਿਕਾਂ ਨੂੰ ਇਹ ਸਫਰ ਕਰਾਉਂਦੀ

ਗੰਧਾਂ ਨੂੰ ਵੀ ਨਾਲੇ

ਵਿੱਚ ਚੁਲੀਆਂ ਦੇ ਕੈਦ ਨੀ ਹੋਣੀ

ਕਿਹੜਾ ਇਹਨੂੰ ਭਾਲੇ ।

ਕਈ ਵਾਰੀ ਏ ਪੁੱਠੀ ਚੱਲਦੀ

ਦਿਨ ਵੀ ਕਰ ਜਾਏ ਪੁੱਠੇ

ਕਹਿੰਦੇ ਕਹਾਉਂਦੇ ਜੋ ਸਿਕੰਦਰ

ਲਾ ਜਾਂਦੀ ਏ ਗੁੱਠੇ ।

ਹਵਾ ਦੇ ਸੰਗ ਹਵਾ ਹੋ ਜੂ ਤੂੰ

ਐਸੀ ਕਰ ਸ਼ੀਰਾਜ਼ਾ ।

ਜੇਕਰ ਅੰਦਰੋਂ ਜੀਊਣਾ ਏ ਤੂੰ

ਪਹਿਲਾਂ ਬਾਹਰੋਂ ਮਰ ਸ਼ੀਰਾਜ਼ਾ ।

📝 ਸੋਧ ਲਈ ਭੇਜੋ