ਹੇ ਗੁਰੂ ਨਾਨਕ

ਹੇ ਗੁਰੂ ਨਾਨਕ, ਤੇਰੇ ਦਰਬਾਰ ਆਇਆ ਹਾਂ।

ਲੈ ਕੇ ਮੈਂ ਆਪਣੇ ਮਨ ਦੇ ਕੁਝ ਸੁਆਲ।

ਕਿਉਂ ਮੇਰੀ ਅੱਜ ਆਤਮਾ ਨੂੰ, ਚੈਨ ਮਿਲਦਾ ਹੀ ਨਹੀਂ,

ਕਿਉਂ ਮੇਰੇ ਉਲਝੇ ਹੋਏ, ਰਹਿੰਦੇ ਖ਼ਿਆਲ ।

ਅੱਜ ਤੇਰੀ ਧਰਤੀ ਤੇ, ਥਾਂ ਥਾਂ ਤੇ ਲਾਂਬੂ ਬਲ ਰਹੇ ।

ਕਿਤਨੀਆਂ ਬੇਦੋਸ਼ ਮਾਂਵਾਂ, ਦੇ ਕਲੇਜੇ ਜਲ ਰਹੇ ।

ਬਾਗ਼ ਦੇ ਮਾਲੀ ਨੇ ਆਪੇ, ਅੱਗ ਲਾਈ ਬਾਗ਼ ਨੂੰ ।

ਖੰਬ ਨੋਚੇ ਬੁਲਬੁਲਾਂ ਦੇ, ਬੰਦ ਕੀਤਾ ਰਾਗ ਨੂੰ।

ਤੇਰੇ ਸੁਨਿਹੜੇ ਪਿਆਰ ਦੇ, ਭੁਲਦੇ ਗਏ ਭੁਲਦੇ ਗਏ ।

ਲਹੂ ਬੇਦੋਸ਼ ਬੰਦਿਆਂ ਦੇ, ਡੁੱਲ੍ਹਦੇ ਗਏ ਡੁੱਲ੍ਹਦੇ ਗਏ ।

ਫਿਰ ਕੜ੍ਹਾਏ ਜ਼ਬਰ ਦੇ, ਤਪਦੇ ਗਏ ਤਪਦੇ ਗਏ ।

ਪੂਰ ਪੂਰਾਂ ਦੇ ਜਿੱਥੇ, ਖਪਦੇ ਗਏ ਖਪਦੇ ਗਏ ।

ਤੂੰ ਤਾਂ ਮਰਦਾਨਾ ਬਚਾਇਆ, ਸੱਚ ਦੀ ਅਵਾਜ਼ ਥੀਂ ।

ਠਾਰਿਆ ਤਪਦਾ ਕੜਾਹਿਆ, ਸੱਚ ਦੀ ਅਵਾਜ਼ ਥੀਂ।

ਕੂੜ ਰਾਜਾ, ਕੂੜ ਪ੍ਰਜਾ, ਕੂੜ ਦਾ ਹੋਇਆ ਪਸਾਰ ।

ਕੂੜ ਪੱਲੇ ਬੰਨ੍ਹ ਬੈਠੇ, ਸੱਚ ਨੂੰ ਤਾਂ ਦਿੱਤਾ ਵਸਾਰ ।

ਖ਼ੂਨ ਦੇ ਗਾਏ ਨੇ ਸੋਹਲੇ, ਕੂੜ ਦੇ ਵਿਉਪਾਰੀਆਂ ।

ਜ਼ਿੰਦਗੀ ਦੇ ਕਲਸ਼ ਭੰਨੇ, ਵੈਰੀ ਡਾਗਾਂ ਮਾਰੀਆਂ ।

ਰਖਿਆ ਹੈ ਕੂੜ ਜ਼ਿੰਦਾ, ਸੱਚ ਸੂਲੀ ਚਾੜ੍ਹਿਆ ।

ਸ਼ਰਮ ਨਾ ਆਈ ਅਸਾਨੂੰ, ਘਰ ਵੀ ਤੇਰਾ ਸਾੜਿਆ ।

ਤੂੰ ਪਾਖੰਡ ਨੂੰ ਤੋੜਿਆ, ਬਣ ਗਏ ਪਾਖੰਡੀ ਫੇਰ ਕਿਉਂ ।

ਪਿਆਰ ਦੇ ਪੱਲੂ’ਚ ਪਾ ਕੇ, ਜ਼ਹਿਰ ਵੰਡੀ ਫੇਰ ਕਿਉਂ ।

ਕੂੜ ਦੇ ਬਾਜ਼ਾਰ ਅੰਦਰ, ਸੱਚ ਦਾ ਸੌਦਾ ਕਰ ਗਿਓਂ ।

ਤੇਰਾ ਤੇਰਾ ਤੋਲ ਕੇ, ਤੂੰ ਮੋਦੀਖਾਨਾ ਭਰ ਗਿਓਂ ।

ਤੇਰੀ ਮਿੱਠੀ ਬਾਣੀ ਅੱਗੇ, ਝੁੱਕ ਗਈ ਤਲਵਾਰ ਵੀ ।

ਪੈਰੀਂ ਤੇਰੇ ਆਣ ਡਿੱਗਾ, ਬਾਬਰ ਦਾ ਹੰਕਾਰ ਵੀ ।

ਤੂੰ ਉਲ੍ਹਾਮਾ ਰੱਬ ਨੂੰ ਦਿੱਤਾ ਸੀ, ਅਵਾਜ਼ਾਂ ਮਾਰ ਕੇ ।

ਮੈਂ ਉਲ੍ਹਾਮਾ ਦੇਨਾ ਤੈਨੂੰ, ਤੇਰੇ ਹੀ ਦਰਬਾਰ ਤੇ ।

ਤੇਰਾ ਭਾਣਾ ਵਰਤਿਆ ਜਾਂ, ਸਾਡਿਆਂ ਪਾਪਾਂ ਦਾ ਫਲ ।

ਕੁਝ ਸਮਝ ਨਹੀਂ ਆ ਰਹੀ, ਵੇਖੀਏ ਹੁਣ ਕਿਹਦੇ ਵਲ ।

ਹੇ ਗੁਰੂ ਨਾਨਕ, ਤੇਰੇ ਦਰਬਾਰ ਆਇਆਂ ਹਾਂ ।

ਲੈ ਕੇ ਮੈਂ ਆਪਣੇ ਮਨ ਦੇ ਕੁਝ ਸੁਆਲ ।

ਕਿਉਂ ਮੇਰੀ ਅੱਜ ਆਤਮਾ ਨੂੰ, ਚੈਨ ਮਿਲਦਾ ਹੀ ਨਹੀਂ,

ਕਿਉਂ ਮੇਰੇ ਉਲਝੇ ਹੋਏ, ਰਹਿੰਦੇ ਖ਼ਿਆਲ ।

📝 ਸੋਧ ਲਈ ਭੇਜੋ