ਹੇ-ਹਿਕ ਤਿਲ ਲਾਲ ਲਬਾਂ ਦਾ ਮਿੱਠਾ

ਹੇ-ਹਿਕ ਤਿਲ ਲਾਲ ਲਬਾਂ ਦਾ ਮਿੱਠਾ,

ਨੌ-ਲੱਖ ਸ਼ਕਰ ਗੰਜ ਦਾ ਈ ।

ਗਾਹਲ ਭੀ ਸ਼ਕਰ ਗਲ ਭੀ ਸ਼ਕਰ,

ਤਿਲ ਦਖ ਸ਼ਕਰ-ਗੰਜ ਦਾ ਈ ।

ਪਾਕ ਪਟਨ ਦਾ ਗੁੜ ਕੇਹਾ ਮਿੱਠਾ,

ਬਰ ਹੱਕ ਸ਼ਕਰ ਗੰਜ ਦਾ ਈ ।

ਓਥੇ ਬੂਟਾ ਕਾਨਾ ਕਮਾਦੋਂ ਮਿੱਠਾ,

ਹਰ ਕੱਖ ਸ਼ਕਰਗੰਜ ਦਾ ਈ ।

ਉਸ ਬਾਬੇ ਫ਼ਰੀਦ ਦਾ ਨਾਉਂ ਕਿਆ ਮਿੱਠਾ,

ਲੈ ਚੱਖ ਸ਼ਕਰ ਗੰਜ ਦਾ ਈ ।੨੭।

📝 ਸੋਧ ਲਈ ਭੇਜੋ