ਹੇ ਮੇਰੀ ਪਿਆਰੀ ਕਵਿਤਾ
ਵਾਅਦਾ ਹੈ ਮੇਰਾ ਤੇਰੇ ਨਾਲ਼
ਤੇਰਾ ਸ਼ਿੰਗਾਰ ਕਰੂੰਗੀ ਮੈਂ।
ਵੱਖਰੇ ਅੰਦਾਜ਼ ਵਿੱਚ ਜਦ
ਅੱਖਰਾਂ ਦੇ ਗਹਿਣੇ ਪਾ
ਸੁੱਚਾ ਵਿਹਾਰ ਕਰੂੰਗੀ ਮੈਂ।
ਪੜ੍ਹ ਕਵਿਤਾ, ਆਸ਼ਕ ਤੈਨੂੰ
ਸੋਚੂ ਕੀਤੀ ਗੱਲ ਮੁਹੱਬਤ ਦੀ
ਤੈਨੂੰ ਮੁਟਿਆਰ ਕਹੂੰਗੀ ਮੈਂ।
ਜਦ ਮਾਂ ਪੜੂ, ਜਦ ਧੀ ਪੜੂ
ਸੋਚੂ ਕੁੱਖ ਦੀ ਸੁੱਖ ਮੰਗੀ
ਗੋਦੀ ਚੁੱਕ ਪਿਆਰ ਕਰੂੰਗੀ ਮੈਂ।
ਪੁੱਤ ਪਿਤਾ ਪੜ੍ਹਨਗੇ ਤੈਨੂੰ ਜਦ
ਸੋਚਣਗੇ ਪੱਤ ਦੀ ਗੱਲ ਕੀਤੀ
ਨਵੇਂ ਸੰਸਕਾਰ ਘੜੂੰਗੀ ਮੈਂ।
ਰੁੱਖਾਂ ਥੱਲੇ ਬਹਿ ਜਦ ਮੈਂਪੜ੍ਹੀ
ਛਾਵਾਂ ਮਾਂਵਾਂ ਵਾਂਗਰ ਕਰਨਗੇ
ਵੱਢਣ ਨਹੀਂ ਦੇਊਂਗੀ ਮੈਂ।
ਤੈਨੂੰ ਪੜ੍ਹ ’ਵਾਜ਼ ਅੰਬਰੀਂ ਗੂੰਜੂ
ਬੱਦਲ਼ਾਂ ਮੀਂਹ ਵਰਸਾਏ ਜਦ
ਖ਼ੁਸ਼ ਹੋ ਨੈਣਾਂ ’ਚੋਂ ਹੰਝੂ ਕੇਰੂੰਗੀ ਮੈਂ।
ਰੁਤਬਾ ਇੱਕ ਨੰਬਰ ਕਿਸਾਨਾਂ ਲਿਖ
ਰੱਬ ਤੋਂ ਹਰੀ ਕ੍ਰਾਂਤੀ ਮੰਗ ਲੈਣੀ
ਦੋ ਨੰਬਰ ਵਿਗਿਆਨ ਲਿਖੂੰਗੀ ਮੈਂ।
ਘਰਾਂ ਦੁਲਹਨ ਨਵੇਲੀ ਵਾਂਗਰਾਂ
ਪੰਜਾਬੀ ਮਾਂ ਬੋਲੀ ਮੇਰੀ ਹੱਸੂਗੀ
ਤੈਨੂੰ ਲਿਖ ਪੰਜਾਬੀ ਜਾਊਂਗੀ ਮੈਂ।
ਜਦ ਸਿਆਹੀ ਕਲਮ ਪਿਆਸੀ ਮੰਗੂ
ਪਾਣੀ ਸੁੱਚੇ ਯਾਦ ਤੈਨੂੰ ਕਰਨਗੇ
ਸਿਆਹੀ ਜਦ ਕਲਮ ਭਰੂੰਗੀ ਮੈਂ।
ਹੇ ਮੇਰੀ ਪਿਆਰੀ ਕਵਿਤਾ
ਸਰਬ ਦੀ ਰਾਜ-ਦੁਲਾਰੀ ਕਵਿਤਾ
ਤੈਨੂੰ ਆਪਣੀ ਧੀ ਕਹੂੰਗੀ ਮੈਂ।
ਮੋਇਆਂ ਬਾਅਦ ਵੀ ਲੋਕ ਪੜ੍ਹਨਗੇ
ਤੈਨੂੰ ਵਿੱਚ ਪੰਜਾਬੀ ਬੋਲੀ ਦੇ
ਏਨਾ ਸਤਿਕਾਰ ਲਿਖੂੰਗੀ ਮੈਂ।
ਰੱਬ ਦੇ ਆਸ਼ਕ ਕਹਿਣਗੇ
ਨਾਨਕ ਸਾਹਿਬ ਦੀ ਸਿਫ਼ਤ ਤੈਨੂੰ
ਸਤਿ ਕਰਤਾਰ ਕਹੂੰਗੀ ਮੈਂ।
ਹੇ ਮੇਰੀ ਪਿਆਰੀ ਧੀ ਕਵਿਤਾ
ਵਾਅਦਾ ਹੈ ਸਰਬ ਦਾ ਤੇਰੇ ਨਾਲ਼
ਤੇਰਾ ਵੱਖਰੇ ਅੰਦਾਜ ਵਿੱਚ, ਰੱਖ ਚਿੱਟੇ ਕਾਗ਼ਜ਼ ਤੇ
ਸ਼ਿੰਗਾਰ ਕਰੂੰਗੀ ਮੈਂ।